ਨਾਗੋਆ, 4 ਅਕਤੂਬਰ (ਪੀ. ਟੀ. ਆਈ.)-ਉਲੰਪਿਕ ਕੌਂਸਲ ਆਫ਼ ਏਸ਼ੀਆ (ਓ.ਸੀ.ਏ.) ਨੇ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਪੁਰਸ਼ ਕ੍ਰਿਕਟ ਫਾਈਨਲ ਅਤੇ ਹਾਕੀ ਸੈਮੀਫਾਈਨਲ ਏਸ਼ਿਆਈ ਖੇਡਾਂ ਦੇ ਇਤਿਹਾਸ ਵਿਚ ਸਭ ਤੋਂ ਵੱਧ ਦੇਖੇ ਗਏ ਮੈਚ ਸਨ। ਓ.ਸੀ.ਏ. ਨੇ 212 ਰਿਕਾਰਡਾਂ ਦਾ ਹਵਾਲਾ ਦਿੰਦੇ ਹੋਏ ਇਹ ਵੀ ਦਾਅਵਾ ਕੀਤਾ ਕਿ ਆਈਚੀ-ਨਾਗੋਆ ਖੇਡਾਂ ਵਿਚ ਐਥਲੀਟਾਂ ਨੂੰ ਸਭ ਤੋਂ ਵਧੀਆ ਮਾਹੌਲ ਪ੍ਰਦਾਨ ਕੀਤਾ ਗਿਆ ਸੀ। ਓ.ਸੀ.ਏ. ਤਾਲਮੇਲ ਕਮੇਟੀ ਦੇ ਪ੍ਰਧਾਨ ਤੈਯਬ ਇਕਰਾਮ ਨੇ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਕਿ ਖੇਡਾਂ ਦੇ ਪ੍ਰਸਾਰਣ ਨੂੰ ਹੁਣ ਤੱਕ ਦੀ ਸਭ ਤੋਂ ਵੱਧ ਦਰਸ਼ਕਾਂ ਦੀ ਗਿਣਤੀ ਮਿਲੀ, ਜਿਸ ਦਾ ਸਿਹਰਾ ਦੋ ਵੱਡੇ ਮੈਚਾਂ ਨੂੰ ਜਾਂਦਾ ਹੈ। ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਸਭ ਤੋਂ ਵੱਧ ਦੇਖਿਆ ਗਿਆ ਮੈਚ ਸੀ, ਜਦੋਂਕਿ ਭਾਰਤ-ਪਾਕਿਸਤਾਨ ਹਾਕੀ ਮੈਚ ਖੇਡਾਂ ਦੇ ਇਤਿਹਾਸ ਵਿਚ ਸਭ ਤੋਂ ਵੱਧ ਦੇਖਿਆ ਗਿਆ ਮੈਚ ਸੀ। ਹਾਲਾਂਕਿ, ਉਨ੍ਹਾਂ ਦਰਸ਼ਕਾਂ ਦੀ ਗਿਣਤੀ ਬਾਰੇ ਅੰਕੜੇ ਨਹੀਂ ਦਿੱਤੇ ਅਤੇ ਇਹ ਵੀ ਨਹੀਂ ਦੱਸਿਆ ਕਿ ਦੋਵਾਂ ਮੈਚਾਂ ਵਿਚਾਲੇ ਕਿਸ ਨੂੰ ਜ਼ਿਆਦਾ ਦਰਸ਼ਕ ਮਿਲੇ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਓ.ਸੀ.ਏ. ਨੇ ਇਨ੍ਹਾਂ ਖੇਡਾਂ ਵਿਚ ਇਕ ਸੁਰੱਖਿਆ ਸਿਧਾਂਤ ਦਾ ਪ੍ਰਦਰਸ਼ਨ ਕੀਤਾ। ਸਾਰੇ ਪਹਿਲੂਆਂ ਤੋਂ ਇਹ ਸੁਰੱਖਿਅਤ ਖੇਡਾਂ ਸਨ- ਐਥਲੀਟਾਂ ਲਈ, ਏਸ਼ੀਅਨ ਫੈਡਰੇਸ਼ਨਾਂ ਲਈ ਅਤੇ ਰਾਸ਼ਟਰੀ ਉਲੰਪਿਕ ਕਮੇਟੀਆਂ ਲਈ।