ਫ਼ੌਜ ਤੇ ਆਈ. ਐੱਸ. ਆਈ. ਦੀ ਸਰਪ੍ਰਸਤੀ ’ਚ ਵਧੇ ਫੁੱਲੇ ਜਮਾਤ-ਉਲ-ਅਹਰਾਰ ਸੰਗਠਨ ਤੋਂ ਪਾਕਿ ਬਣਾ ਰਿਹਾ ਦੂਰੀ
ਅੰਮ੍ਰਿਤਸਰ, 25 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਆਈ. ਐੱਸ.
ਅੰਮ੍ਰਿਤਸਰ, 25 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਆਈ. ਐੱਸ. ਪੀ. ਆਰ. ਵਲੋਂ ਅੱਤਵਾਦੀ ਸੰਗਠਨ ਜਮਾਤ-ਉਲ-ਅਹਰਾਰ ਨੂੰ ਭਾਰਤ ਨਾਲ ਜੋੜਨ ਦੇ ਦਾਅਵਿਆਂ ’ਤੇ ਸਵਾਲ ਉੱਠ ਰਹੇ ਹਨ। ਇਹ ਸੰਗਠਨ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ਸੂਬੇ ਵਿਚ ਸਰਗਰਮ ਹੈ ਤੇ ਇਸ ਨਾਲ ਜੁੜਿਆ ਖੁੱਲ੍ਹਾਫ਼ਾ-ਏ-ਰਸ਼ੀਦੀਨ ਇਸਤਿਸ਼ਾਦੀ ਬ੍ਰਿਗੇਡ ਕਥਿਤ ਤੌਰ ’ਤੇ ਪਾਕਿਸਤਾਨੀ ਫ਼ੌਜ ਨੂੰ ਨਿਸ਼ਾਨਾ ਬਣਾ ਰਿਹਾ ਹੈ। ਪਾਕਿਸਤਾਨ ਪਹਿਲਾਂ ਇਸ ਸੰਗਠਨ ਨੂੰ ਅਫ਼ਗਾਨਿਸਤਾਨ ਨਾਲ ਸੰਬੰਧਿਤ ਦੱਸਦਾ ਰਿਹਾ ਹੈ, ਜਦਕਿ ਲੇਖ ਅਨੁਸਾਰ, ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ ਨੇ ਇਸਦੀ ਸਥਾਪਨਾ 2014 ਵਿਚ ਪਾਕਿਸਤਾਨ ਵਿਚ ਹੋਣ ਦੀ ਪੁਸ਼ਟੀ ਕੀਤੀ ਸੀ। ਜਮਾਤ-ਉਲ-ਅਹਰਾਰ ਦੀ ਸਥਾਪਨਾ ਉਮਰ ਖ਼ਾਲਿਦ ਖ਼ੁਰਾਸਾਨੀ ਨੇ ਕੀਤੀ ਸੀ, ਜੋ ਪਹਿਲਾਂ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨਾਲ ਜੁੜਿਆ ਹੋਇਆ ਸੀ। 2014 ਵਿਚ ਸੰਗਠਨ ਨੇ ਇਸਲਾਮਿਕ ਸਟੇਟ ਨਾਲ ਵਫ਼ਾਦਾਰੀ ਦਾ ਐਲਾਨ ਕੀਤਾ, ਪਰ 2015 ਵਿਚ ਉਸ ਤੋਂ ਵੱਖ ਹੋ ਕੇ ਮੁੜ ਪਾਕਿਸਤਾਨੀ ਤਾਲਿਬਾਨ ਨਾਲ ਹੱਥ ਮਿਲਾ ਲਿਆ। ਇਹ ਸੰਗਠਨ 2014 ਦੇ ਵਾਹਗਾ ਸਰਹੱਦੀ ਇਲਾਕੇ ਵਿਚ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਚਰਚਾ ਵਿਚ ਆਇਆ ਸੀ, ਜਿਸ ਵਿਚ 60 ਲੋਕ ਮਾਰੇ ਗਏ ਸਨ। ਨਵੰਬਰ 2016 ਵਿੱਚ ਪਾਕਿਸਤਾਨ ਨੇ ਇਸ ’ਤੇ ਪਾਬੰਦੀ ਲਗਾ ਦਿੱਤੀ ਤੇ ਅਮਰੀਕਾ ਨੇ ਵੀ ਇਸ ਨੂੰ ਅੱਤਵਾਦੀ ਸੰਗਠਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ। ਕਈ ਫ਼ੌਜੀ ਕਾਰਵਾਈਆਂ ਦੇ ਬਾਵਜੂਦ, ਇਸ ਨਾਲ ਜੁੜੇ ਲੜਾਕਿਆਂ ਦੀ ਸਰਹੱਦੀ ਇਲਾਕਿਆਂ ਵਿਚ ਸਰਗਰਮੀ ਜਾਰੀ ਰਹਿਣ ਦੀਆਂ ਰਿਪੋਰਟਾਂ ਹਨ।