ਪਾਸਪੋਰਟ ਫ਼ੀਸਾਂ ’ਚ ਵਾਧਾ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖ਼ਾਰਜ
ਨਵੀਂ ਦਿੱਲੀ, 28 ਅਕਤੂਬਰ (ਜਗਤਾਰ ਸਿੰਘ)-ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਪਾਸਪੋਰਟ ਬਣਾਉਣ ਅਤੇ ਨਵੀਨੀਕਰਨ ਦੀਆਂ ਫ਼ੀਸਾਂ ’ਚ ਵਾਧਾ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਜਨਹਿਤ ਪਟੀਸ਼ਨ ਖ਼ਾਰਜ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਪਿਛਲੇ 14 ਸਾਲਾਂ ’ਚ ਫ਼ੀਸਾਂ ’ਚ ਕੀਤਾ ਗਿਆ 67 ਫ਼ੀਸਦੀ ਦਾ ਵਾਧਾ ਗੈਰ-ਵਾਜਬ ਜਾਂ ਬਹੁਤ ਜ਼ਿਆਦਾ ਨਹੀਂ ਹੈ।
ਨਵੀਂ ਦਿੱਲੀ, 28 ਅਕਤੂਬਰ (ਜਗਤਾਰ ਸਿੰਘ)-ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਪਾਸਪੋਰਟ ਬਣਾਉਣ ਅਤੇ ਨਵੀਨੀਕਰਨ ਦੀਆਂ ਫ਼ੀਸਾਂ ’ਚ ਵਾਧਾ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਜਨਹਿਤ ਪਟੀਸ਼ਨ ਖ਼ਾਰਜ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਪਿਛਲੇ 14 ਸਾਲਾਂ ’ਚ ਫ਼ੀਸਾਂ ’ਚ ਕੀਤਾ ਗਿਆ 67 ਫ਼ੀਸਦੀ ਦਾ ਵਾਧਾ ਗੈਰ-ਵਾਜਬ ਜਾਂ ਬਹੁਤ ਜ਼ਿਆਦਾ ਨਹੀਂ ਹੈ। ਕਾਰਜਕਾਰੀ ਚੀਫ਼ ਜਸਟਿਸ ਨਿਤਿਨ ਵਾਸੂਦੇਵ ਸਾਂਬਰੇ ਅਤੇ ਜਸਟਿਸ ਸੰਜੇ ਸ਼ਰਮਾ ਦੇ ਬੈਂਚ ਨੇ ਸਪਸ਼ਟ ਕੀਤਾ ਕਿ ਫ਼ੀਸਾਂ ਤੈਅ ਕਰਨਾ ਸਰਕਾਰ ਦੀ ਨੀਤੀ ਦਾ ਹਿੱਸਾ ਹੈ ਅਤੇ ਜਦੋਂ ਤੱਕ ਇਹ ਬਹੁਤ ਜ਼ਿਆਦਾ ਨਾ ਹੋਵੇ, ਅਦਾਲਤਾਂ ਇਸ ਵਿਚ ਦਖ਼ਲ ਨਹੀਂ ਦੇ ਸਕਦੀਆਂ। ਇਹ ਪਟੀਸ਼ਨ ‘ਪ੍ਰਵਾਸੀ ਲੀਗਲ ਸੈੱਲ’ ਨਾਂਅ ਦੀ ਸੰਸਥਾ ਵਲੋਂ ਦਾਇਰ ਕੀਤੀ ਗਈ ਸੀ। ਪਟੀਸ਼ਨਰ ਦੇ ਵਕੀਲ ਨੇ ਦਲੀਲ ਦਿੱਤੀ ਕਿ ਵਿਦੇਸ਼ਾਂ ਵਿਚ ਰਹਿ ਰਹੇ ਗ਼ਰੀਬ ਭਾਰਤੀ ਮਜ਼ਦੂਰਾਂ ’ਤੇ ਇਸ ਨਾਲ ਭਾਰੀ ਆਰਥਿਕ ਬੋਝ ਪਵੇਗਾ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ’ਚ ਰਹਿਣ ਵਾਲੇ ਭਾਰਤੀਆਂ ਨੂੰ ਪਾਸਪੋਰਟ ਨਵੀਨੀਕਰਨ ਲਈ ਲਗਭਗ 12,000 ਰੁਪਏ ਤੱਕ ਦੇਣੇ ਪੈਣਗੇ, ਜੋ ਭਾਰਤ ’ਚ ਰਹਿਣ ਵਾਲੇ ਲੋਕਾਂ ਨਾਲੋਂ ਪੰਜ ਹਜ਼ਾਰ ਰੁਪਏ ਤੋਂ ਵੀ ਵੱਧ ਹਨ।