ਸਾਬਕਾ ਮੰਤਰੀ ਨੇ ਦੋਸ਼ਾਂ ਨੂੰ ਨਕਾਰਿਆ, ਕਿਹਾ- ਜਾਂਚ ਏਜੰਸੀ ਨੂੰ ਪਹਿਲਾਂ ਹੀ ਸੌਂਪ ਚੁੱਕੇ ਹਨ ਜਵਾਬ
ਹੁਸ਼ਿਆਰਪੁਰ, 7 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਉਨ੍ਹਾਂ ਦੇ ਪੁੱਤਰ ਪ੍ਰਤੀਕ ਅਰੋੜਾ ਅਤੇ ਕਾਰੋਬਾਰੀ ਸਹਿਯੋਗੀਆਂ ਨਾਲ ਸੰਬੰਧਿਤ ਪੰਜਾਬ ਅਤੇ ਚੰਡੀਗੜ੍ਹ ਦੇ 14 ਟਿਕਾਣਿਆਂ ’ਤੇ 2 ਅਤੇ 3 ਨਵੰਬਰ ਨੂੰ ਕੀਤੀ ਗਈ ਛਾਪੇਮਾਰੀ ਸੰਬੰਧੀ ਵੇਰਵੇ ਜਾਰੀ ਕੀਤੇ ਗਏ ਹਨ। ਈ.ਡੀ. ਵਲੋਂ 6 ਨਵੰਬਰ ਨੂੰ ਸੋਸ਼ਲ ਮੀਡੀਆ ਪਲੇਟਫ਼ਾਰਮ ‘ਐਕਸ’ ‘ਤੇ ਜਾਰੀ ਕੀਤੇ ਬਿਆਨ ‘ਚ ਕਈ ਕਰੋੜ ਰੁਪਏ ਦੇ ਵਿੱਤੀ ਲੈਣ-ਦੇਣ ਅਤੇ ਮੁਹਾਲੀ ਦੇ ਇਕ ਉਦਯੋਗਿਕ ਪਲਾਟ ਦੇ ਤਬਾਦਲੇ ਵਿਚ ਕਥਿਤ ਬੇਨਿਯਮੀਆਂ ਦਾ ਜ਼ਿਕਰ ਕੀਤਾ ਗਿਆ ਹੈ। ਜਾਂਚ ਏਜੰਸੀ ਮੁਤਾਬਿਕ ਛਾਪੇਮਾਰੀ ਦੌਰਾਨ ਮੋਬਾਈਲ ਫ਼ੋਨ, ਅਹਿਮ ਦਸਤਾਵੇਜ਼, ਜਾਇਦਾਦਾਂ ਨਾਲ ਸੰਬੰਧਿਤ ਰਿਕਾਰਡ ਅਤੇ ਡਿਜੀਟਲ ਉਪਕਰਨ ਜ਼ਬਤ ਕੀਤੇ ਗਏ ਹਨ, ਜਦਕਿ ਕੁੱਝ ਬੈਂਕ ਲਾਕਰ ਵੀ ਫਰੀਜ਼ ਕੀਤੇ ਗਏ ਹਨ। ਇਨ੍ਹਾਂ ਟਿਕਾਣਿਆਂ ‘ਚ ਹੁਸ਼ਿਆਰਪੁਰ ‘ਚ ਸਥਿਤ ਸੁੰਦਰ ਸ਼ਾਮ ਅਰੋੜਾ ਦੀ ਰਿਹਾਇਸ਼ ਅਤੇ ਸ਼ਿਵਮ ਹਸਪਤਾਲ ਤੋਂ ਇਲਾਵਾ ਚੰਡੀਗੜ੍ਹ ਅਤੇ ਮੁਹਾਲੀ ‘ਚ ਕਈ ਰੀਅਲ ਅਸਟੇਟ ਕੰਪਨੀਆਂ ਨਾਲ ਸਬੰਧਿਤ ਥਾਵਾਂ ਸ਼ਾਮਿਲ ਸਨ। ਈ.ਡੀ. ਨੇ ਦੱਸਿਆ ਕਿ ਇਹ ਜਾਂਚ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਦਰਜ ਐੱਫ.ਆਈ.ਆਰ. ਦੇ ਆਧਾਰ ‘ਤੇ ਕੀਤੀ ਜਾ ਰਹੀ ਹੈ। ਏਜੰਸੀ ਦਾ ਦੋਸ਼ ਹੈ ਕਿ ਮਾਰਚ 2017 ਤੋਂ ਸਤੰਬਰ 2021 ਤੱਕ ਉਦਯੋਗ ਮੰਤਰੀ ਰਹਿੰਦਿਆਂ ਅਰੋੜਾ ਨੇ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ.ਐੱਸ.ਆਈ.ਈ.ਸੀ.) ਦੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੁੱਝ ਨਿੱਜੀ ਰੀਅਲ ਅਸਟੇਟ ਕੰਪਨੀਆਂ ਨੂੰ ਉਦਯੋਗਿਕ ਪਲਾਟਾਂ ਦੇ ਤਬਾਦਲੇ ਵਿਚ ਕਥਿਤ ਤੌਰ ‘ਤੇ ਨਾਜਾਇਜ਼ ਲਾਭ ਪਹੁੰਚਾਇਆ। ਇਸ ਦੇ ਬਦਲੇ ਉਨ੍ਹਾਂ ਦੇ ਪੁੱਤਰ ਪ੍ਰਤੀਕ ਅਰੋੜਾ ਰਾਹੀਂ ਰੀਅਲ ਅਸਟੇਟ ਕੰਪਨੀਆਂ ਵਿਚ ਹਿੱਸੇਦਾਰੀ ਹਾਸਲ ਕਰਨ ਦੇ ਵੀ ਦੋਸ਼ ਲਗਾਏ ਗਏ ਹਨ। ਈ.ਡੀ. ਨੇ ਮੁਹਾਲੀ ਦੇ ਫ਼ੇਜ਼-8 ਸਥਿਤ ਉਦਯੋਗਿਕ ਪਲਾਟ ਨੰਬਰ ਏ-32 ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਪਲਾਟ ਪਹਿਲਾਂ ਜੇ.ਸੀ.ਟੀ. ਇਲੈਕਟ੍ਰਾਨਿਕਸ ਨੂੰ ਅਲਾਟ ਕੀਤਾ ਗਿਆ ਸੀ ਅਤੇ ਫਰਵਰੀ 2020 ਵਿਚ 90 ਕਰੋੜ 56 ਲੱਖ ਰੁਪਏ ‘ਚ ਜੀ.ਆਰ.ਜੀ. ਡਿਵੈਲਪਰਜ਼ ਐਂਡ ਪ੍ਰਮੋਟਰਜ਼ ਐਲ.ਐਲ.ਪੀ. ਨੂੰ ਨਿਲਾਮ ਕੀਤਾ ਗਿਆ ਸੀ। ਏਜੰਸੀ ਮੁਤਾਬਿਕ ਪੀ.ਐੱਸ.ਆਈ.ਈ.ਸੀ. ਨੂੰ ਬਣਦੀ ਰਕਮ ਪੂਰੀ ਤਰ੍ਹਾਂ ਅਦਾ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਲੋੜੀਂਦੀਆਂ ਮਨਜ਼ੂਰੀਆਂ ਅਤੇ ਕਬਜ਼ਾ ਮਿਲਣ ਤੋਂ ਪਹਿਲਾਂ ਹੀ ਪਲਾਟ ਨੂੰ ਛੋਟੇ ਹਿੱਸਿਆਂ ਵਿਚ ਵੰਡ ਕੇ ਅੱਗੇ ਵੇਚਣ ਦਾ ਵੀ ਦੋਸ਼ ਹੈ। ਜਾਂਚ ‘ਚ ਪ੍ਰਤੀਕ ਅਰੋੜਾ ਦੀਆਂ ਕਾਰੋਬਾਰੀ ਗਤੀਵਿਧੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਈ.ਡੀ. ਅਨੁਸਾਰ ਉਸ ਨੇ ਸਤੰਬਰ 2020 ਵਿਚ ਐੱਸ.ਆਰ.ਜੀ. ਬਿਲਡਰਜ਼ ਐਂਡ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ ‘ਚ 35 ਫ਼ੀਸਦੀ ਹਿੱਸੇਦਾਰੀ ਹਾਸਲ ਕੀਤੀ ਸੀ। ਇਸ ਤੋਂ ਇਲਾਵਾ ਉਹ ਹੋਰ ਕੰਪਨੀਆਂ ‘ਚ ਵੀ ਭਾਈਵਾਲ ਸੀ। ਏਜੰਸੀ ਨੇ ਗੁਲਮੋਹਰ ਟਾਊਨਸ਼ਿਪ ਇੰਡੀਆ ਪ੍ਰਾਈਵੇਟ ਲਿਮਟਿਡ ਵਲੋਂ ਸਿਗਨਿਫਾਈ ਇਨੋਵੇਸ਼ਨਜ਼ ਇੰਡੀਆ ਲਿਮਟਿਡ ਨੂੰ ਕੀਤੇ ਗਏ 27.5 ਕਰੋੜ ਰੁਪਏ ਦੇ ਭੁਗਤਾਨਾਂ ਦੀ ਵੀ ਜਾਂਚ ਕੀਤੀ ਹੈ। ਈ.ਡੀ. ਦਾ ਕਹਿਣਾ ਹੈ ਕਿ ਇਹ ਭੁਗਤਾਨ ਸਮਝੌਤਾ ਹੋਣ ਅਤੇ ਪੀ.ਐੱਸ.ਆਈ.ਈ.ਸੀ. ਤੋਂ ਲਾਜ਼ਮੀ ਐਨ.ਓ.ਸੀ. ਮਿਲਣ ਤੋਂ ਪਹਿਲਾਂ ਕੀਤੇ ਗਏ ਸਨ। ਦੂਜੇ ਪਾਸੇ ਈ.ਡੀ. ਦੀ ਕਾਰਵਾਈ ‘ਤੇ ਪ੍ਰਤੀਕਿਰਿਆ ਦਿੰਦਿਆਂ ਸੁੰਦਰ ਸ਼ਾਮ ਅਰੋੜਾ ਨੇ ਇਨ੍ਹਾਂ ਦੋਸ਼ਾਂ ‘ਚ ਆਪਣੀ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਸਾਰੇ ਦੋਸ਼ਾਂ ਸੰਬੰਧੀ ਆਪਣਾ ਵਿਸਥਾਰਤ ਜਵਾਬ ਪਹਿਲਾਂ ਹੀ ਈ.ਡੀ. ਨੂੰ ਸੌਂਪ ਚੁੱਕੇ ਹਨ। ਜੇਕਰ ਜਾਂਚ ਏਜੰਸੀ ਨੂੰ ਕਿਸੇ ਹੋਰ ਸਪੱਸ਼ਟੀਕਰਨ ਜਾਂ ਦਸਤਾਵੇਜ਼ ਦੀ ਲੋੜ ਪਈ ਤਾਂ ਉਹ ਤੁਰੰਤ ਮੁਹੱਈਆ ਕਰਵਾਏ ਜਾਣਗੇ।