ਗੈਂਗਸਟਰ ਗੁਰਵਿੰਦਰ ਸਿੰਘ ਅਫਰੀਦੀ ਦਾ ਪੁਲਿਸ ਨੇ ਹਾਸਿਲ ਕੀਤਾ ਪੰਜ ਦਿਨ ਦਾ ਹੋਰ ਰਿਮਾਂਡ
ਤਰਨ ਤਾਰਨ, 17 ਨਵੰਬਰ (ਹਰਿੰਦਰ ਸਿੰਘ)-ਬੀਤੇ ਦਿਨੀਂ ਏ. ਜੀ.
ਤਰਨ ਤਾਰਨ, 17 ਨਵੰਬਰ (ਹਰਿੰਦਰ ਸਿੰਘ)-ਬੀਤੇ ਦਿਨੀਂ ਏ.ਜੀ.ਟੀ.ਐਫ. ਦੇ ਐਸ.ਪੀ. ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਿਚ ਪੁਲਿਸ ਵਲੋਂ ਨਾਮੀ ਗੈਂਗਸਟਰ ਨੂੰ ਇਥੋਪੀਆ ਤੋਂ ਡਿਪੋਰਟ ਕਰਵਾ ਕੇ ਭਾਰਤ ਲਿਆਂਦਾ ਗਿਆ ਸੀ। ਪੁਲਿਸ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਅਫਰੀਦੀ ਦੇ ਖ਼ਿਲਾਫ਼ 30 ਤੋਂ ਵੱਧ ਮਾਮਲੇ ਦਰਜ ਹਨ। ਇਸ ਸੰਬੰਧ ਵਿਚ ਪੱਟੀ ਵਿਖੇ 7 ਅਕਤੂਬਰ 2024 ਨੂੰ ਸਰਪੰਚ ਰਾਜਵਿੰਦਰ ਸਿੰਘ ਰਾਜ ਤਲਵੰਡੀ ਦੇ ਕਤਲ ਦੇ ਮਾਮਲੇ ਵਿਚ ਨਾਮਜ਼ਦ ਕਰਨ ਤੋਂ ਬਾਅਦ ਗੁਰਵਿੰਦਰ ਸਿੰਘ ਅਫਰੀਦੀ ਨੂੰ ਅਦਾਲਤ ਵਿਚ ਪੇਸ਼ ਕਰਕੇ 17 ਨਵੰਬਰ ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਸੀ। ਅਦਾਲਤ ਨੇ ਗੈਂਗਸਟਰ ਅਫਰੀਦੀ ਦਾ 10 ਦਿਨ ਦਾ ਰਿਮਾਂਡ ਦਿੱਤਾ ਸੀ। ਮੰਗਲਵਾਰ ਨੂੰ ਅਫਰੀਦੀ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਪੱਟੀ ਵਿਖੇ ਜਗਜੀਤ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਪੁਲਿਸ ਵਲੋਂ ਉਸ ਦਾ ਹੋਰ ਰਿਮਾਂਡ ਮੰਗਿਆ ਗਿਆ। ਸਰਕਾਰੀ ਵਕੀਲ ਨੇ ਅਦਾਲਤ ਵਿਚ ਦੱਸਿਆ ਕਿ ਅਫਰੀਦੀ ਦੇ ਪੰਜਾਬ ਤੋਂ ਬਾਹਰੀ ਰਾਜਾਂ ਵਿਚ ਵੀ ਸਹਿਯੋਗੀ ਹਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਪਾਸੋਂ ਰਿਕਵਰੀ ਕਰਨ ਲਈ ਅਫਰੀਦੀ ਦਾ 7 ਦਿਨ ਦਾ ਰਿਮਾਂਡ ਹੋਰ ਦਿੱਤਾ ਜਾਵੇ। ਜਦਕਿ ਅਫਰੀਦੀ ਵਲੋਂ ਪੇਸ਼ ਹੋਏ ਵਕੀਲ ਅੰਮ੍ਰਿਤਪਾਲ ਸਿੰਘ ਬੁੱਟਰ ਨੇ ਸਰਕਾਰੀ ਵਕੀਲ ਅਤੇ ਪੁਲਿਸ ਦੀਆਂ ਦਲੀਲਾਂ ਦਾ ਵਿਰੋਧ ਕੀਤਾ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਫਰੀਦੀ ਦਾ ਪੰਜ ਦਿਨ ਦਾ ਹੋਰ ਰਿਮਾਂਡ ਦੇ ਦਿੱਤਾ ਹੈ।