ਸਰ੍ਹੋਂ ਦੇ ਤੇਲ ਨੇ ਵਿਗਾੜਿਆ ਰਸੋਈ ਦਾ ਬਜਟ-230 ਰੁਪਏ ਪੁੱਜੀ ਤੇਲ ਦੀ ਬੋਤਲ ਅਲਾਰੋਡ 1700 ਤੋਂ ਵਧ ਕੇ 2900 ਰੁਪਏ ’ਤੇ ਪਹੁੰਚਿਆ
ਜਲੰਧਰ, 21 ਨਵੰਬਰ (ਸ਼ਿਵ ਸ਼ਰਮਾ)- ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਖੰਡ ਦੀਆਂ ਕੀਮਤਾਂ ਵਿਚ ਚੱਲ ਰਹੇ ਉਤਰਾਅ-ਚੜ੍ਹਾਅ ’ਤੇ ਦਸੰਬਰ ਮਹੀਨੇ ਦੌਰਾਨ ਵਿਰਾਮ ਲੱਗਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਤਿਉਹਾਰੀ ਸੀਜ਼ਨ ਖਤਮ ਹੋਣ ਤੋਂ ਬਾਅਦ ਜਿੱਥੇ ਖੰਡ ਦੀਆਂ ਕੀਮਤਾਂ ਵਿਚ ਸਥਿਰਤਾ ਆ ਗਈ ਹੈ, ਉੱਥੇ ਹੀ ਹੁਣ ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਵਿਚ ਅਚਾਨਕ ਭਾਰੀ ਤੇਜ਼ੀ ਆਉਣ ਕਾਰਨ ਆਮ ਲੋਕਾਂ ਦੇ ਰਸੋਈ ਦੇ ਬਜਟ ’ਤੇ ਬੋਝ ਵਧਣ ਲੱਗਾ ਹੈ।
ਜਲੰਧਰ, 21 ਨਵੰਬਰ (ਸ਼ਿਵ ਸ਼ਰਮਾ)- ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਖੰਡ ਦੀਆਂ ਕੀਮਤਾਂ ਵਿਚ ਚੱਲ ਰਹੇ ਉਤਰਾਅ-ਚੜ੍ਹਾਅ ’ਤੇ ਦਸੰਬਰ ਮਹੀਨੇ ਦੌਰਾਨ ਵਿਰਾਮ ਲੱਗਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਤਿਉਹਾਰੀ ਸੀਜ਼ਨ ਖਤਮ ਹੋਣ ਤੋਂ ਬਾਅਦ ਜਿੱਥੇ ਖੰਡ ਦੀਆਂ ਕੀਮਤਾਂ ਵਿਚ ਸਥਿਰਤਾ ਆ ਗਈ ਹੈ, ਉੱਥੇ ਹੀ ਹੁਣ ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਵਿਚ ਅਚਾਨਕ ਭਾਰੀ ਤੇਜ਼ੀ ਆਉਣ ਕਾਰਨ ਆਮ ਲੋਕਾਂ ਦੇ ਰਸੋਈ ਦੇ ਬਜਟ ’ਤੇ ਬੋਝ ਵਧਣ ਲੱਗਾ ਹੈ। ਥੋਕ ਬਾਜ਼ਾਰ ਵਿਚ ਇਸ ਸਮੇਂ ਖੰਡ ਦੀਆਂ ਕੀਮਤਾਂ 64 ਤੋਂ 65 ਰੁਪਏ ਪ੍ਰਤੀ ਕਿੱਲੋ ਦੇ ਆਸ-ਪਾਸ ਟਿਕੀਆਂ ਹੋਈਆਂ ਹਨ। ਹਾਲਾਂਕਿ ਤਿਉਹਾਰੀ ਸੀਜ਼ਨ ਖਤਮ ਹੋਣ ਤੋਂ ਬਾਅਦ ਖੰਡ ਦੀ ਮੰਗ ਵਿਚ ਆਈ ਤਬਦੀਲੀ ਅਤੇ ਬਾਜ਼ਾਰ ਵਿਚ ਸਥਿਰਤਾ ਕਾਰਨ ਇਸ ਸਮੇਂ ਕੀਮਤਾਂ ਵਿਚ ਕੋਈ ਖਾਸ ਤੇਜ਼ੀ ਦੇਖਣ ਨੂੰ ਨਹੀਂ ਮਿਲ ਰਹੀ। ਕਾਰੋਬਾਰੀ ਵਰਗ ਦਾ ਮੰਨਣਾ ਹੈ ਕਿ ਦਸੰਬਰ ਮਹੀਨੇ ਵਿੱਚ ਜਦੋਂ ਨਵੀਂ ਫਸਲ ਦੀ ਖੰਡ ਬਾਜ਼ਾਰ ਵਿੱਚ ਆਉਣੀ ਸ਼ੁਰੂ ਹੋਵੇਗੀ ਤਾਂ ਸਪਲਾਈ ਵਧਣ ਨਾਲ ਕੀਮਤਾਂ ਵਿੱਚ ਹੋਰ ਕਮੀ ਆ ਸਕਦੀ ਹੈ। ਇਸ ਨਾਲ ਆਮ ਖਪਤਕਾਰਾਂ ਨੂੰ ਕੁਝ ਰਾਹਤ ਮਿਲਣ ਦੀ ਉਮੀਦ ਹੈ। ਦੂਜੇ ਪਾਸੇ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਨੇ ਕਾਰੋਬਾਰੀਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਟੈਂਕਰਾਂ ਵਿਚ ਆਉਣ ਵਾਲੇ ਖੁੱਲ੍ਹੇ ਸਰ੍ਹੋਂ ਦੇ ਤੇਲ ਦੀ ਕੀਮਤ 150 ਤੋਂ 160 ਰੁਪਏ ਪ੍ਰਤੀ ਕਿੱਲੋ ਦੇ ਕਰੀਬ ਸੀ ਪਰ ਹੁਣ ਇਸ ਦੀ ਕੀਮਤ ਵਧ ਕੇ 210 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਵਧੀਆ ਕਿਸਮ ਦੇ ਸਰ੍ਹੋਂ ਦੇ ਤੇਲ ਦੀ ਕੀਮਤ ਜੋ ਪਹਿਲਾਂ 150 ਤੋਂ 170 ਰੁਪਏ ਪ੍ਰਤੀ ਲੀਟਰ ਦੇ ਵਿਚਕਾਰ ਸੀ, ਹੁਣ ਵਧ ਕੇ 210 ਤੋਂ 230 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ। ਤੇਲ ਦੇ ਕਾਰੋਬਾਰ ਨਾਲ ਜੁੜੇ ਵਪਾਰੀ ਵੀ ਇਸ ਹੋਏ ਵਾਧੇ ਨੂੰ ਲੈ ਕੇ ਹੈਰਾਨ ਹਨ। ਇਸ ਵਾਧੇ ਕਾਰਨ ਘਰੇਲੂ ਖਪਤਕਾਰਾਂ ਦੇ ਨਾਲ-ਨਾਲ ਹੋਟਲਾਂ ਅਤੇ ਰੈਸਟੋਰੈਂਟਾਂ ਦੇ ਕਾਰੋਬਾਰੀਆਂ ਦੀ ਲਾਗਤ ਵੀ ਵਧਣ ਦੀ ਸੰਭਾਵਨਾ ਹੈ। ਖਾਣ-ਪੀਣ ਦੀਆਂ ਹੋਰ ਵਸਤੂਆਂ ਦੀਆਂ ਕੀਮਤਾਂ ਵਿਚ ਵੀ ਉਤਰਾਅ-ਚੜ੍ਹਾਅ ਜਾਰੀ ਹੈ। ਅਲਾਰੋਡ, ਜਿਸ ਦੀ ਵਰਤੋਂ ਰੈਸਟੋਰੈਂਟਾਂ ਤੋਂ ਇਲਾਵਾ ਚਾਈਨੀਜ਼ ਖਾਣੇ ਤਿਆਰ ਕਰਨ ਵਾਲੇ ਕਾਰੋਬਾਰੀ ਵੱਡੇ ਪੱਧਰ ’ਤੇ ਕਰਦੇ ਹਨ, ਦੀ ਕੀਮਤ ਵਿਚ ਵੀ ਕੁਝ ਹੀ ਦਿਨਾਂ ਦੌਰਾਨ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ। ਪਹਿਲਾਂ 50 ਕਿੱਲੋ ਵਾਲਾ ਅਲਾਰੋਡ ਦਾ ਤੋੜਾ ਕਰੀਬ 1700 ਰੁਪਏ ਵਿਚ ਮਿਲ ਰਿਹਾ ਸੀ, ਪਰ ਹੁਣ ਇਸ ਦੀ ਕੀਮਤ ਵਧ ਕੇ 2900 ਰੁਪਏ ਤੱਕ ਪਹੁੰਚ ਗਈ ਹੈ। ਮਹਿਜ਼ ਕੁਝ ਦਿਨਾਂ ਵਿਚ 1200 ਰੁਪਏ ਦਾ ਵਾਧਾ ਹੋਣ ਕਾਰਨ ਰੈਸਟੋਰੈਂਟ ਅਤੇ ਚਾਈਨੀਜ਼ ਖਾਣੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦੀ ਲਾਗਤ ਵਿਚ ਕਾਫ਼ੀ ਵਾਧਾ ਹੋਇਆ ਹੈ। ਜੇਕਰ ਕੀਮਤਾਂ ਵਿਚ ਇਸੇ ਤਰ੍ਹਾਂ ਤੇਜ਼ੀ ਜਾਰੀ ਰਹਿੰਦੀ ਹੈ ਤਾਂ ਇਸ ਦਾ ਅਸਰ ਖਾਣ-ਪੀਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ’ਤੇ ਵੀ ਪੈ ਸਕਦਾ ਹੈ।