ਭੋਗ ’ਤੇ ਵਿਸ਼ੇਸ਼ ਮਾਤਾ ਚਰਨ ਕੌਰ
ਤਰਨ ਤਾਰਨ:– ਮਾਤਾ ਚਰਨ ਕੌਰ ਇਕ ਸਤਿਕਾਰਯੋਗ ਸ਼ਖ਼ਸੀਅਤ ਸਨ । ਉਨ੍ਹਾਂ ਦਾ ਸਮੁੱਚਾ ਜੀਵਨ ਗੁਰਬਾਣੀ ਦੀ ਸ਼ਰਧਾ, ਗੁਰੂ ਦੇ ਭਾਣੇ ਵਿਚ ਰਹਿਣ, ਸੇਵਾ-ਸਿਮਰਨ, ਦਇਆ ਤੇ ਮਨੁੱਖਤਾ ਨੂੰ ਸਮਰਪਿਤ ਰਿਹਾ ।
ਤਰਨ ਤਾਰਨ:– ਮਾਤਾ ਚਰਨ ਕੌਰ ਇਕ ਸਤਿਕਾਰਯੋਗ ਸ਼ਖ਼ਸੀਅਤ ਸਨ । ਉਨ੍ਹਾਂ ਦਾ ਸਮੁੱਚਾ ਜੀਵਨ ਗੁਰਬਾਣੀ ਦੀ ਸ਼ਰਧਾ, ਗੁਰੂ ਦੇ ਭਾਣੇ ਵਿਚ ਰਹਿਣ, ਸੇਵਾ-ਸਿਮਰਨ, ਦਇਆ ਤੇ ਮਨੁੱਖਤਾ ਨੂੰ ਸਮਰਪਿਤ ਰਿਹਾ । ਉਨ੍ਹਾਂ ਲਈ ਧਰਮ ਸਿਰਫ਼ ਵਿਸ਼ਵਾਸ ਦਾ ਵਿਸ਼ਾ ਨਹੀਂ, ਸਗੋਂ ਜੀਵਨ ਜਿਊਣ ਦੀ ਜਾਚ ਸੀ ਤੇ ਸੇਵਾ ਸਿਰਫ਼ ਇਕ ਕਾਰਜ ਨਹੀਂ , ਬਲਕਿ ਰੂਹ ਦੀ ਤਸੱਲੀ ਸੀ । ਮਾਤਾ ਚਰਨ ਕੌਰ ਦਾ ਜਨਮ ਸੰਨ 1941 ਵਿਚ ਪਿੰਡ ਰੁਮਾਣਾ ਚੱਕ ਵਿਖੇ ਪਿਤਾ ਦਲੀਪ ਸਿੰਘ ਦੇ ਗ੍ਰਹਿ ਵਿਖੇ ਮਾਤਾ ਗੋਪਾਲ ਕੌਰ ਦੀ ਕੁੱਖੋਂ ਹੋਇਆ । ਉਨ੍ਹਾਂ ਦੇ ਇਕ ਭਰਾ ਤੇ ਤਿੰਨ ਭੈਣਾਂ ਸਨ । ਘਰ ਵਿਚ ਗੁਰਸਿੱਖੀ ਦਾ ਮਾਹੌਲ ਹੋਣ ਕਾਰਨ ਬਚਪਨ ਤੋਂ ਹੀ ਉਨ੍ਹਾਂ ਦੀ ਰੁਚੀ ਧਾਰਮਿਕ ਕਾਰਜਾਂ ਤੇ ਗੁਰਬਾਣੀ ਨਾਲ ਜੁੜੀ ਰਹੀ । ਬਾਣੀ ਪੜ੍ਹਨਾ, ਸੁਣਨਾ ਤੇ ਗੁਰੂ ਸਾਹਿਬ ਦੀ ਸਿੱਖਿਆ ਅਨੁਸਾਰ ਜੀਵਨ ਬਤੀਤ ਕਰਨਾ ਉਨ੍ਹਾਂ ਦੀ ਸ਼ਖ਼ਸੀਅਤ ਦਾ ਅਟੁੱਟ ਅੰਗ ਸੀ । ਮਾਤਾ ਚਰਨ ਕੌਰ ਦੇ ਜੀਵਨ ਦੀ ਸਭ ਤੋਂ ਵੱਡੀ ਖ਼ੂਬਸੂਰਤੀ ਉਨ੍ਹਾਂ ਦਾ ਨਿਰਸਵਾਰਥ ਸੇਵਾ-ਭਾਵ ਸੀ। ਉਹ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ਵਿਚ ਸਹਿਯੋਗ ਕਰਦੇ । ਉਨ੍ਹਾਂ ਲਈ ਕਿਸੇ ਦੀ ਮਦਦ ਕਰਨਾ ਕੋਈ ਅਹਿਸਾਨ ਨਹੀਂ, ਸਗੋਂ ਗੁਰੂ ਵਲੋਂ ਬਖ਼ਸ਼ੀ ਸੇਵਾ ਦਾ ਮੌਕਾ ਹੁੰਦਾ ਸੀ । ਸੰਨ 1962 ਵਿਚ ਮਾਤਾ ਚਰਨ ਕੌਰ ਦਾ ਵਿਆਹ ਪਿੰਡ ਜੱਲੂਪੁਰ ਖੇੜਾ ਦੇ ਵਸਨੀਕ ਸਵਰਨ ਸਿੰਘ ਨਾਲ ਹੋਇਆ। ਉਨ੍ਹਾਂ ਦੇ ਘਰ ਪੰਜ ਪੁੱਤਰਾਂ ਤਰਸੇਮ ਸਿੰਘ, ਸੁਖਚੈਨ ਸਿੰਘ, ਪ੍ਰੇਮ ਸਿੰਘ, ਹਰਜੀਤ ਸਿੰਘ, ਮਨਜੀਤ ਸਿੰਘ ਅਤੇ ਦੋ ਧੀਆਂ ਪਰਮਜੀਤ ਕੌਰ ਅਤੇ ਬਲਵਿੰਦਰ ਕੌਰ ਨੇ ਜਨਮ ਲਿਆ । ਵੱਡੇ ਸਪੁੱਤਰ ਤਰਸੇਮ ਸਿੰਘ ਦਾ ਸਪੁੱਤਰ ਅਤੇ ਮਾਤਾ ਜੀ ਦਾ ਪੋਤਰਾ ਅੰਮ੍ਰਿਤਪਾਲ ਸਿੰਘ ਖਾਲਸਾ ਇਸ ਸਮੇਂ ਡਿਬਰੂਗੜ੍ਹ ਦੀ ਜੇਲ੍ਹ ਵਿਚ ਬੰਦ ਹਨ । ਇਸ ਤੋਂ ਇਲਾਵਾ ਉਨ੍ਹਾਂ ਦੇ ਪੁੱਤਰ ਭਾਈ ਹਰਜੀਤ ਸਿੰਘ (ਨਜ਼ਰਬੰਦ ਜੇਲ੍ਹ ਬਠਿੰਡਾ), ਦੋਹਤੇ ਭਾਈ ਸੁਖਮਨਜੀਤ ਸਿੰਘ (ਨਜ਼ਰਬੰਦ ਜੇਲ੍ਹ ਅੰਮ੍ਰਿਤਸਰ) ਦੀ ਪੰਜਾਬ ਪੱਖੀ ਸੋਚ ਤੇ ਧਾਰਮਿਕ ਵਿਚਾਰਧਾਰਾ ਵਿਚ ਵੀ ਪਰਿਵਾਰਕ ਸੰਸਕਾਰਾਂ ਦੀ ਝਲਕ ਦੇਖੀ ਜਾ ਸਕਦੀ ਹੈ। ਮਾਤਾ ਚਰਨ ਕੌਰ ਪਿਛਲੇ ਦਿਨੀਂ ਗੁਰੂ ਚਰਨਾਂ ਵਿਚ ਬਿਰਾਜੇ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਕੀਰਤਨ ਤੇ ਸ਼ਰਧਾਂਜਲੀ ਸਮਾਗਮ ਅੱਜ 23 ਨਵੰਬਰ 2026 ਦਿਨ ਸੋਮਵਾਰ ਨੂੰ ਗੁਰਦੁਆਰਾ ਬਾਬਾ ਕਾਲਾ ਮਾਹਰ ਜੀ ਪਿੰਡ ਜੱਲੂਪੁਰ ਖੇੜਾ ਨੇੜ੍ਹੇ ਰਈਆ ਜ਼ਿਲ੍ਹਾ ਅੰਮ੍ਰਿਤਸਰ ਵਿਖੇ 12 ਤੋਂ 2 ਵਜੇ ਤੱਕ ਹੋਵੇਗਾ । – ਹਰਿੰਦਰ ਸਿੰਘ