ਪੰਜਾਬ ਵਿਚ ਕਣਕ ਅਤੇ ਝੋਨੇ ਦੀ ਖ਼ਰੀਦ ਤੋਂ ਬਾਅਦ ਪੈਦਾ ਹੋਣ ਵਾਲੀ ਭੰਡਾਰਨ ਦੀ ਸਮੱਸਿਆ ਬਣੀ ਵੱਡੀ ਚੁਣੌਤੀ ਕੇਂਦਰੀ ਖ਼ੁਰਾਕ ਨਿਗਮ ਵਲੋਂ ਨਵੇਂ ਗੁਦਾਮਾਂ ਦੀ ਉਸਾਰੀ ਅਤੇ ਨਿੱਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ
ਵੀਰਪਾਲ ਸਿੰਘ
ਬਠਿੰਡਾ, 29 ਨਵੰਬਰ-ਪੰਜਾਬ ਵਿਚ ਕਣਕ ਤੇ ਝੋਨੇ ਦੀ ਖ਼ਰੀਦ ਤੋਂ ਬਾਅਦ ਪੈਦਾ ਹੋਣ ਵਾਲੀ ਭੰਡਾਰਨ ਦੀ ਸਮੱਸਿਆ ਦੇ ਸਥਾਈ ਹੱਲ ਲਈ ਆਧੁਨਿਕ ਅਨਾਜ ਭੰਡਾਰਨ ਪ੍ਰਬੰਧਾਂ ਦਾ ਮੁੱਦਾ ਮੁੜ ਚਰਚਾ ਵਿਚ ਹੈ। ਸੂਬੇ ਵਿਚ ਹਰ ਸਾਲ ਵੱਡੀ ਮਾਤਰਾ ਵਿਚ ਕਣਕ ਅਤੇ ਝੋਨੇ ਦੀ ਖ਼ਰੀਦ ਹੁੰਦੀ ਹੈ, ਪਰ ਪਿਛਲੇ ਸਾਲਾਂ ਦਾ ਅਨਾਜ ਗੁਦਾਮਾਂ ਵਿਚ ਪਿਆ ਰਹਿਣ ਅਤੇ ਕੇਂਦਰ ਵਲੋਂ ਸਮੇਂ ਸਿਰ ਚੁਕਾਈ ਨਾ ਹੋਣ ਕਾਰਨ ਨਵੀਂ ਫ਼ਸਲ ਨੂੰ ਸਟੋਰ ਕਰਨ ਲਈ ਜਗ੍ਹਾ ਦੀ ਘਾਟ ਪੈਦਾ ਹੋ ਰਹੀ ਹੈ।
ਬਠਿੰਡਾ, 29 ਨਵੰਬਰ-ਪੰਜਾਬ ਵਿਚ ਕਣਕ ਤੇ ਝੋਨੇ ਦੀ ਖ਼ਰੀਦ ਤੋਂ ਬਾਅਦ ਪੈਦਾ ਹੋਣ ਵਾਲੀ ਭੰਡਾਰਨ ਦੀ ਸਮੱਸਿਆ ਦੇ ਸਥਾਈ ਹੱਲ ਲਈ ਆਧੁਨਿਕ ਅਨਾਜ ਭੰਡਾਰਨ ਪ੍ਰਬੰਧਾਂ ਦਾ ਮੁੱਦਾ ਮੁੜ ਚਰਚਾ ਵਿਚ ਹੈ। ਸੂਬੇ ਵਿਚ ਹਰ ਸਾਲ ਵੱਡੀ ਮਾਤਰਾ ਵਿਚ ਕਣਕ ਅਤੇ ਝੋਨੇ ਦੀ ਖ਼ਰੀਦ ਹੁੰਦੀ ਹੈ, ਪਰ ਪਿਛਲੇ ਸਾਲਾਂ ਦਾ ਅਨਾਜ ਗੁਦਾਮਾਂ ਵਿਚ ਪਿਆ ਰਹਿਣ ਅਤੇ ਕੇਂਦਰ ਵਲੋਂ ਸਮੇਂ ਸਿਰ ਚੁਕਾਈ ਨਾ ਹੋਣ ਕਾਰਨ ਨਵੀਂ ਫ਼ਸਲ ਨੂੰ ਸਟੋਰ ਕਰਨ ਲਈ ਜਗ੍ਹਾ ਦੀ ਘਾਟ ਪੈਦਾ ਹੋ ਰਹੀ ਹੈ। ਇਸ ਸਮੱਸਿਆ ਨਾਲ ਕਿਸਾਨਾਂ ਨੂੰ ਮੰਡੀਆਂ ਵਿਚ ਫ਼ਸਲ ਦੀ ਚੁਕਾਈ ਵਿਚ ਦੇਰੀ ਅਤੇ ਖ਼ਰੀਦ ਪ੍ਰਬੰਧਾਂ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਵਿਚ ਲਗਭਗ 180 ਤੋਂ 181 ਲੱਖ ਮੀਟ੍ਰਿਕ ਟਨ ਦੇ ਕਰੀਬ ਢੱਕੀ ਹੋਈ ਭੰਡਾਰਨ ਸਮਰੱਥਾ ਤੇ ਸਾਇਲੋਜ਼ ਦੀ ਸਮਰੱਥਾ ਹੋਣ ਦੇ ਬਾਵਜੂਦ ਅਨਾਜ ਦੇ ਭਾਰੀ ਸਟਾਕ ਕਾਰਨ ਇਹ ਜਗ੍ਹਾ ਅਕਸਰ ਭਰੀ ਰਹਿੰਦੀ ਹੈ। ਇਸ ਤੋਂ ਇਲਾਵਾ ਖੁੱਲ੍ਹੇ ਪਲਿੰਥਾਂ ਵਿਚ ਵੀ ਅਨਾਜ ਰੱਖਣਾ ਪੈਂਦਾ ਹੈ। ਇਸੇ ਕਰਕੇ ਸਰਕਾਰ ਵਲੋਂ ਨਵੇਂ ਵਿਗਿਆਨਕ ਗੁਦਾਮਾਂ ਅਤੇ ਆਧੁਨਿਕ ਭੰਡਾਰਨ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਕੇਂਦਰੀ ਖ਼ੁਰਾਕ ਤੇ ਜਨਤਕ ਵੰਡ ਮੰਤਰਾਲੇ ਵਲੋਂ 46 ਲੱਖ ਮੀਟ੍ਰਿਕ ਟਨ ਵਾਧੂ ਭੰਡਾਰਨ ਸਮਰੱਥਾ ਦੀ ਯੋਜਨਾ ਕੇਂਦਰੀ ਖ਼ੁਰਾਕ ਤੇ ਜਨਤਕ ਵੰਡ ਮੰਤਰਾਲੇ ਵਲੋਂ ਸਾਲ 2024 ਵਿਚ ਪੰਜਾਬ ਲਈ 46 ਲੱਖ ਮੀਟ੍ਰਿਕ ਟਨ ਵਾਧੂ ਭੰਡਾਰਨ ਸਮਰੱਥਾ ਮਨਜ਼ੂਰ ਕੀਤੀ ਗਈ ਸੀ। ਇਸ ਵਿਚੋਂ 39 ਲੱਖ ਮੀਟ੍ਰਿਕ ਟਨ ਸਮਰੱਥਾ ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਅਤੇ ਸੂਬਾਈ ਏਜੰਸੀਆਂ ਰਾਹੀਂ, ਪੰਜ ਲੱਖ ਮੀਟ੍ਰਿਕ ਟਨ ਕੇਂਦਰੀ ਭੰਡਾਰਨ ਨਿਗਮ ਤੇ 2 ਲੱਖ ਮੀਟ੍ਰਿਕ ਟਨ ਭਾਰਤੀ ਖ਼ੁਰਾਕ ਨਿਗਮ ਰਾਹੀਂ ਵਿਕਸਤ ਕੀਤੀ ਜਾਣ ਦੀ ਯੋਜਨਾ ਦਾ ਮੁੱਖ ਮਕਸਦ ਨਿੱਜੀ ਉੱਦਮੀਆਂ ਦੀ ਭਾਗੀਦਾਰੀ ਨਾਲ ਨਵੇਂ ਢੱਕੇ ਹੋਏ ਗੁਦਾਮ ਤਿਆਰ ਕਰਨਾ ਤੇ ਖੁੱਲ੍ਹੇ ਵਿਚ ਅਨਾਜ ਰੱਖਣ ਨੂੰ ਘਟਾਉਣਾ ਹੈ। ਹਾਲਾਂਕਿ, ਨਵੰਬਰ 2026 ਤੱਕ ਇਸ ਯੋਜਨਾ ਦੀ ਪ੍ਰਗਤੀ ਉਮੀਦ ਅਨੁਸਾਰ ਨਹੀਂ ਰਹਿ ਸਕੀ। ਸਰਕਾਰੀ ਅਧਿਕਾਰੀਆਂ ਅਨੁਸਾਰ ਪਿਛਲੇ 2 ਸਾਲਾਂ ਦੌਰਾਨ ਸਿਰਫ਼ 13 ਲੱਖ ਮੀਟ੍ਰਿਕ ਟਨ ਸਮਰੱਥਾ ਲਈ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ। ਨਿੱਜੀ ਗੁਦਾਮ ਬਣਾਉਣ ਵਾਲਿਆਂ ਲਈ ਕੀ ਹਨ ਸ਼ਰਤਾਂ ਨਵੇਂ ਗੁਦਾਮ ਬਣਾਉਣ ਲਈ ਨਿੱਜੀ ਉੱਦਮੀਆਂ ਨੂੰ ਟੈਂਡਰ ਪ੍ਰਕਿਰਿਆ ਵਿਚ ਹਿੱਸਾ ਲੈਣਾ ਪੈਂਦਾ ਹੈ। ਉਨ੍ਹਾਂ ਕੋਲ ਨਿਰਧਾਰਿਤ ਸਮਰੱਥਾ ਅਨੁਸਾਰ ਜ਼ਮੀਨ ਦੀ ਮਾਲਕੀ ਜਾਂ ਕਾਨੂੰਨੀ ਲੀਜ਼ ਦੇ ਦਸਤਾਵੇਜ਼ ਹੋਣੇ ਲਾਜ਼ਮੀ ਹਨ। ਗੁਦਾਮ ਦੀ ਜਗ੍ਹਾ, ਆਵਾਜਾਈ ਦੀ ਸਹੂਲਤ, ਰੇਲਵੇ ਹੈੱਡ ਨਾਲ ਸੰਪਰਕ, ਨਿਰਮਾਣ ਦੀ ਗੁਣਵੱਤਾ ਅਤੇ ਅਨਾਜ ਦੀ ਵਿਗਿਆਨਕ ਸਾਂਭ-ਸੰਭਾਲ ਲਈ ਲੋੜੀਂਦੀਆਂ ਸਹੂਲਤਾਂ ਦੀ ਤਕਨੀਕੀ ਜਾਂਚ ਲਾਜ਼ਮੀ ਹੈ। ਪ੍ਰਾਈਵੇਟ ਐਂਟਰਪ੍ਰੀਨਿਓਰ ਗਾਰੰਟੀ ਸਕੀਮ ਤਹਿਤ ਗੁਦਾਮ ਬਣਾਉਣ ਵਾਲੇ ਉੱਦਮੀਆਂ ਨੂੰ ਨਿਰਧਾਰਿਤ ਸਮੇਂ ਲਈ ਸਰਕਾਰੀ ਏਜੰਸੀਆਂ ਵਲੋਂ ਭੰਡਾਰਨ ਲਈ ਗੁਦਾਮ ਕਿਰਾਏ ’ਤੇ ਲੈਣ ਦੀ ਵਿਵਸਥਾ ਰੱਖੀ ਗਈ ਹੈ। ਕਿਰਾਇਆ ਟੈਂਡਰ ਵਿਚ ਦਿੱਤੀਆਂ ਵਿੱਤੀ ਦਰਾਂ ਅਤੇ ਉੱਚ ਪੱਧਰੀ ਕਮੇਟੀ ਦੀ ਮਨਜ਼ੂਰੀ ਅਨੁਸਾਰ ਤੈਅ ਕੀਤਾ ਗਿਆ ਹੈ। ਇਸ ਵਿਚ ਗੁਦਾਮ ਸਿਰਫ਼ ਜਗ੍ਹਾ ਦੇਣ ਲਈ ਜਾਂ ਅਨਾਜ ਦੀ ਸਾਂਭ-ਸੰਭਾਲ ਸਮੇਤ ਸੇਵਾਵਾਂ ਦੇਣ ਲਈ ਲਏ ਜਾ ਸਕਦੇ ਹਨ। ਇਸ ਲਈ ਦੋਵਾਂ ਕਿਸਮਾਂ ਦੀਆਂ ਦਰਾਂ ਵੱਖਰੀਆਂ ਹੋ ਸਕਦੀਆਂ ਹਨ। ਕਿਰਾਏ ਦੀਆਂ ਦਰਾਂ ਦਾ ਮਾਮਲਾ ਨਵੇਂ ਗੁਦਾਮਾਂ ਦੇ ਨਿਰਮਾਣ ਲਈ ਨਿੱਜੀ ਨਿਵੇਸ਼ਕਾਂ ਵਲੋਂ ਕਿਰਾਏ ਦੀਆਂ ਦਰਾਂ ਨੂੰ ਲੈ ਕੇ ਮੁਸ਼ਕਿਲਾਂ ਉਠਾਈਆਂ ਜਾ ਰਹੀਆਂ ਹਨ। ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨ੍ਹਾ ਵਲੋਂ ਨਵੰਬਰ 2026 ਵਿਚ ਕੇਂਦਰ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਕਿ ਪੁਰਾਣੇ ਗੁਦਾਮਾਂ ਦੇ ਕਿਰਾਏ ਦੀਆਂ ਦਰਾਂ ਨੂੰ ਨਵੇਂ ਬਣਨ ਵਾਲੇ ਗੁਦਾਮਾਂ ਨਾਲ ਜੋੜ ਕੇ ਦੇਖਣਾ ਠੀਕ ਨਹੀਂ। ਸਰਕਾਰ ਨੇ ਦਰਾਂ ਨੂੰ ਥੋਕ ਮੁੱਲ ਸੂਚਕ ਅੰਕ ਨਾਲ ਜੋੜਨ ਦਾ ਸੁਝਾਅ ਵੀ ਦਿੱਤਾ ਹੈ, ਤਾਂ ਜੋ ਉਸਾਰੀ ਅਤੇ ਸੰਚਾਲਨ ਦੇ ਵਧ ਰਹੇ ਖ਼ਰਚਿਆਂ ਨੂੰ ਧਿਆਨ ਵਿਚ ਰੱਖਿਆ ਜਾ ਸਕੇ। ਇਸ ਸਬੰਧੀ ਕੇਂਦਰੀ ਭੰਡਾਰਨ ਨਿਗਮ ਦੀਆਂ ਦਰਾਂ 2012-13 ਵਿਚ 67 ਰੁਪਏ ਪ੍ਰਤੀ ਟਨ ਪ੍ਰਤੀ ਮਹੀਨਾ ਤੋਂ ਵਧ ਕੇ 2024-25 ਵਿਚ 102 ਰੁਪਏ ਹੋਣ ਦਾ ਹਵਾਲਾ ਵੀ ਦਿੱਤਾ ਗਿਆ ਹੈ। ਸਰਕਾਰ ਸਾਹਮਣੇ ਚੁਣੌਤੀ ਇਹ ਹੈ ਕਿ ਨਿੱਜੀ ਨਿਵੇਸ਼ਕਾਂ ਨੂੰ ਵਾਜਬ ਕਿਰਾਇਆ ਤੇ ਲੰਬੇ ਸਮੇਂ ਦੀ ਸਥਿਰਤਾ ਮਿਲੇ, ਜਦਕਿ ਸਰਕਾਰੀ ਖ਼ਰੀਦ ਏਜੰਸੀਆਂ ਉੱਤੇ ਵਾਧੂ ਵਿੱਤੀ ਬੋਝ ਨਾ ਪਵੇ। ਜੇਕਰ ਨਵੇਂ ਗੁਦਾਮਾਂ ਦੀ ਉਸਾਰੀ ਅਤੇ ਪੁਰਾਣੇ ਸਟਾਕ ਦੀ ਚੁਕਾਈ ਦੋਵੇਂ ਕੰਮ ਸਮੇਂ ਸਿਰ ਹੁੰਦੇ ਹਨ ਤਾਂ ਪੰਜਾਬ ਦੇ ਖੇਤੀਬਾੜੀ ਸੈਕਟਰ ਨੂੰ ਭੰਡਾਰਨ ਦੀ ਸਮੱਸਿਆ ਤੋਂ ਕਾਫ਼ੀ ਹੱਦ ਤੱਕ ਰਾਹਤ ਮਿਲ ਸਕਦੀ ਹੈ। ਜ਼ਿਲ੍ਹਾਵਾਰ ਗੁਦਾਮਾਂ ਦੀ ਸਮਰੱਥਾ ਦੇ ਅੰਕੜੇ ਦੱਸਦੇ ਹਨ ਪਹਿਲਾਂ ਮਨਜ਼ੂਰ ਕੀਤੀ ਗਈ 9 ਲੱਖ ਮੀਟ੍ਰਿਕ ਟਨ ਦੀ ਇਕ ਵੱਖਰੀ ਯੋਜਨਾ ਤਹਿਤ ਬਠਿੰਡਾ ਵਿਚ 90 ਹਜ਼ਾਰ ਟਨ, ਮਾਨਸਾ ਵਿਚ 70 ਹਜ਼ਾਰ ਟਨ, ਫ਼ਰੀਦਕੋਟ ਵਿਚ 90 ਹਜ਼ਾਰ ਟਨ, ਸ੍ਰੀ ਮੁਕਤਸਰ ਸਾਹਿਬ ਵਿਚ ਡੇਢ ਲੱਖ ਟਨ, ਫ਼ਾਜ਼ਿਲਕਾ ਵਿਚ 50 ਹਜ਼ਾਰ ਟਨ, ਫ਼ਿਰੋਜ਼ਪੁਰ ਵਿਚ 90 ਹਜ਼ਾਰ ਟਨ, ਲੁਧਿਆਣਾ ਵਿਚ 40 ਹਜ਼ਾਰ ਟਨ, ਮੋਗਾ ਵਿਚ 90 ਹਜ਼ਾਰ ਟਨ, ਪਟਿਆਲਾ ਵਿਚ ਇਕ ਲੱਖ ਟਨ, ਸੰਗਰੂਰ ਵਿਚ 50 ਹਜ਼ਾਰ ਟਨ, ਬਰਨਾਲਾ ਵਿਚ 40 ਹਜ਼ਾਰ ਟਨ ਤੇ ਤਰਨਤਾਰਨ ਵਿਚ 20 ਹਜ਼ਾਰ ਟਨ ਗੁਦਾਮ ਸਮਰੱਥਾ ਨਿਰਧਾਰਿਤ ਕੀਤੀ ਗਈ ਸੀ। ਇਹ ਪੁਰਾਣੀ ਯੋਜਨਾ ਦੇ ਅੰਕੜੇ ਹੀ ਮੌਜੂਦ ਹਨ। ਕਿਸਾਨਾਂ ਨੂੰ ਕਿਵੇਂ ਮਿਲੇਗੀ ਰਾਹਤ ਮਾਹਿਰਾਂ ਅਨੁਸਾਰ ਪੰਜਾਬ ਵਿਚ ਭੰਡਾਰਨ ਦੀ ਸਮੱਸਿਆ ਦਾ ਹੱਲ ਸਿਰਫ਼ ਨਵੇਂ ਗੁਦਾਮ ਬਣਾਉਣ ਨਾਲ ਨਹੀਂ ਹੋਵੇਗਾ, ਸਗੋਂ ਕੇਂਦਰ ਸਰਕਾਰ ਵਲੋਂ ਕਣਕ ਤੇ ਚੌਲਾਂ ਦੀ ਸਮੇਂ ਸਿਰ ਚੁਕਾਈ ਵੀ ਜ਼ਰੂਰੀ ਹੈ। ਜੇਕਰ ਨਵੀਂ ਭੰਡਾਰਨ ਸਮਰੱਥਾ ਤਿਆਰ ਹੁੰਦੀ ਹੈ ਅਤੇ ਪੁਰਾਣਾ ਸਟਾਕ ਵੀ ਦੂਜੇ ਸੂਬਿਆਂ ਵਿਚ ਭੇਜਿਆ ਜਾਂਦਾ ਹੈ ਤਾਂ ਮੰਡੀਆਂ ਵਿਚ ਨਵੀਂ ਫ਼ਸਲ ਦੀ ਖ਼ਰੀਦ, ਚੁਕਾਈ ਅਤੇ ਭੰਡਾਰਨ ਦੇ ਪ੍ਰਬੰਧ ਸੁਚਾਰੂ ਹੋ ਸਕਦੇ ਹਨ। ਇਸ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਸਮੇਂ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਰਾਹਤ ਮਿਲਣ ਦੀ ਉਮੀਦ ਹੈ।