ਮੋਗਾ, 24 ਜਨਵਰੀ (ਸੁਰਿੰਦਰਪਾਲ ਸਿੰਘ)-ਐਲੀਮੈਂਟਰੀ ਟੀਚਰਜ਼ ਯੂਨੀਅਨ ਰਜਿ: ਪੰਜਾਬ ਇਕਾਈ ਮੋਗਾ ਨੇ ਪ੍ਰੀਖਿਆਵਾਂ ਤੋਂ ਪਹਿਲਾਂ ਪੜ੍ਹਾਈ ਦੇ ਅਹਿਮ ਦਿਨਾਂ ਵਿਚ ਅਧਿਆਪਕਾਂ ਦੇ ਸੈਮੀਨਾਰ ਲਗਾਉਣ ਦੀ ਨਿਖੇਧੀ ਕੀਤੀ ਹੈ | ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਕੁਮਾਰ ਸ਼ਰਮਾ, ਜਨਰਲ ਸਕੱਤਰ ਗੁਰਮੁਖ ਸਿੰਘ ਤੂਰ ਅਤੇ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਬਾਠ ਨੇ ਕਿਹਾ ਕਿ ਪੜ੍ਹਾਈ ਦੇ ਅਹਿਮ ਦਿਨਾਂ ਵਿਚੋਂ ਦਸੰਬਰ ਮਹੀਨਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਅਮਲ ਪੂਰਾ ਕਰਨ ਵਿਚ ਹੀ ਲੰਘ ਗਿਆ ਤੇ ਉਸ ਉਪਰੰਤ ਸਰਦੀਆਂ ਦੀਆਂ ਛੁੱਟੀਆਂ ਆ ਗਈਆਂ ਜੋ ਕਿ ਲਗ-ਪਗ ਦੋ ਹਫ਼ਤੇ ਹੋਰ ਵਧਾਈਆਂ ਗਈਆਂ | ਛੁੱਟੀਆਂ ਤੋਂ ਤੁਰੰਤ ਬਾਅਦ ਅਧਿਆਪਕਾਂ ਦੇ ਸੈਮੀਨਾਰ ਲਗਾ ਦਿੱਤੇ ਗਏ ਅਤੇ ਕਈ ਅਧਿਆਪਕਾਂ ਦੀਆਂ ਡਿਊਟੀਆਂ ਬਤੌਰ ਬੀ.ਐਲ.ਓ. ਘਰੋ-ਘਰੀ ਜਾ ਕੇ ਵੋਟਰ ਲਿਸਟ ਵਿਚ ਫ਼ੋਟੋ ਬਦਲਣ ਲਈ ਲਾ ਦਿੱਤੀਆਂ ਗਈਆਂ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ | ਇਸ ਨਾਲ ਬੱਚਿਆਂ ਦੀ ਪੜ੍ਹਾਈ ਅਤੇ ਪ੍ਰੀ ਬੋਰਡ ਪੇਪਰਾਂ 'ਤੇ ਬਹੁਤ ਬੁਰਾ ਅਸਰ ਹੋਇਆ ਹੈ | ਇਸ ਲਈ ਸਿੱਖਿਆ ਵਿਭਾਗ ਨੂੰ ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ ਅਧਿਆਪਕਾਂ ਦੇ ਸੈਮੀਨਾਰ ਨਹੀਂ ਲਗਾਏ ਜਾਣੇ ਚਾਹੀਦੇ ਹਨ ਅਤੇ ਨਾ ਹੀ ਵੋਟਾਂ ਦੀ ਸੋਧ ਕਰਨ ਲਈ ਅਧਿਆਪਕਾਂ ਤੋਂ ਗ਼ੈਰ ਵਿੱਦਿਅਕ ਕੰਮ ਪੇਪਰਾਂ ਦੇ ਦਿਨਾਂ ਵਿਚ ਲੈਣੇ ਚਾਹੀਦੇ | ਇਸ ਸਮੇਂ ਦਿਲਬਾਗ ਸਿੰਘ ਬੌਡੇ, ਸੋਹਣ ਸਿੰਘ ਧਰਮਕੋਟ, ਬਲਜੀਤ ਸਿੰਘ, ਦਰਸ਼ਨ ਸਿੰਘ, ਰਿਆਜ਼ ਮੁਹੰਮਦ, ਅੰਗਰੇਜ਼ ਸਿੰਘ, ਲਖਬੀਰ ਸਿੰਘ, ਸਚਿਨ ਕੁਮਾਰ, ਸੌਰਵ ਕੁਮਾਰ, ਗੁਰਸੇਵਕ ਸਿੰਘ, ਹਰਪ੍ਰੀਤ ਸਿੰਘ, ਜਸਵੀਰ ਸਿੰਘ, ਸਰਬਜੀਤ ਕੌਰ, ਰਵਿੰਦਰ ਕੌਰ, ਕਿਰਨ ਲਤਾ, ਬਲਦੀਪ ਕੌਰ, ਗੀਤਾ ਰਾਣੀ ਆਦਿ ਅਧਿਆਪਕ ਹਾਜ਼ਰ ਸਨ |