ਬੱਧਨੀ ਕਲਾ, 24 ਜਨਵਰੀ (ਸੰਜੀਵ ਕੋਛੜ)-ਬੀਤੇ ਕੱਲ੍ਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸ਼ੁਰੂ ਕੀਤੀ ਗਈ ਦਸ ਲੱਖ ਰੁਪਏ ਤੱਕ ਦੀ ਸਿਹਤ ਬੀਮਾ ਯੋਜਨਾ ਪੰਜਾਬੀਆਂ ਲਈ ਵਰਦਾਨ ਸਾਬਤ ਹੋਵੇਗੀ | ਇਹ ਪ੍ਰਗਟਾਵਾ ਬਲਾਕ ਪ੍ਰਧਾਨ ਅਮਨਦੀਪ ਸਿੰਘ ਅਮਨਾ ਸਿੱਧੂ ਨੰਬਰਦਾਰ ਨੇ ਉਸ ਸਮੇਂ ਕੀਤਾ ਜਦੋਂ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਜ਼ਿਲ੍ਹਾ ਪ੍ਰਧਾਨ ਬਰਿੰਦਰ ਕੁਮਾਰ ਮਧੇਕੇ ਅਤੇ ਸੰਗਠਨ ਇੰਚਾਰਜ ਤਖ਼ਤੂਪੁਰਾ ਨੇ ਯੂਥ ਕਲੱਬਾਂ ਦੇ ਪਿੰਡ ਪ੍ਰਧਾਨਾਂ ਨੂੰ ਅਪੁਇੰਟਮੈਂਟ ਮਸ਼ੀਨਾਂ ਦੇ ਕੇ ਮੁਫ਼ਤ ਸਿਹਤ ਬੀਮਾ ਯੋਜਨਾ ਨੂੰ ਸ਼ੁਰੂ ਕਰਵਾਇਆ | ਉਨ੍ਹਾਂ ਕਿਹਾ ਕਿ ਅੱਜ ਤੋਂ ਪੰਜਾਬ ਵਾਸੀਆਂ ਲਈ ਪੰਜਾਬ ਸਰਕਾਰ ਵਲੋਂ ਮੁਫ਼ਤ ਸਿਹਤ ਬੀਮਾ ਯੋਜਨਾ ਸ਼ੁਰੂ ਕਰ ਦਿੱਤੀ ਗਈ ਹੈ | ਇਸ ਮੌਕੇ ਅਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਯੂਥ ਕਲੱਬਾਂ ਦੇ ਸਹਿਯੋਗ ਨਾਲ ਘਰ-ਘਰ ਜਾ ਕੇ ਅਪੁਇੰਟਮੈਟ ਬੁੱਕ ਕੀਤੀ ਜਾਵੇਗੀ ਉਸ ਤੋਂ ਬਾਅਦ ਰਸੀਦ ਵਿਚ ਦਰਸਾਏ ਅਨੁਸਾਰ ਪਿੰਡਾਂ ਵਿਚ ਬਣੇ ਪ੍ਰਾਈਵੇਟ ਸੁਵਿਧਾ ਸੈਂਟਰ 'ਤੇ ਜਾ ਕੇ ਰਜਿਸਟਰੇਸ਼ਨ ਕਰਵਾਈ ਜਾਵੇਗੀ ਜੋ ਕਿ ਬਿਲਕੁਲ ਮੁਫ਼ਤ ਹੈ, ਕਿਸੇ ਦਾ ਕੋਈ ਇਕ ਵੀ ਰੁਪਈਆ ਖ਼ਰਚ ਨਹੀ ਹੋਵੇਗਾ, ਬੱਸ ਅਧਾਰ ਕਾਰਡ ਤੇ ਵੋਟਰ ਕਾਰਡ ਹੋਣਾ ਜ਼ਰੂਰੀ ਹੈ ਅਤੇ ਬੱਚਿਆਂ ਦੇ ਜਨਮ ਤਰੀਕ ਦਾ ਪਰੂਫ਼ ਹੋਣਾ ਲਾਜ਼ਮੀ ਹੈ | ਐਮ.ਐਲ.ਏ. ਨੇ ਦੱਸਿਆ ਕਿ ਕਾਰਡ ਹਰੇਕ ਵਿਅਕਤੀ ਦਾ ਬਣੇਗਾ ਬੇਸ਼ੱਕ ਉਹ ਕਿਸੇ ਵੀ ਕੈਟਾਗਰੀ ਦਾ ਹੋਵੇ | ਇਸ ਮੌਕੇ ਹਰਜੀਤ ਸਿੰਘ ਸਰਪੰਚ ਮੀਨੀਆ, ਬਲਜਿੰਦਰ ਸਿੰਘ ਮੁਨੀਮ ਅਤੇ ਹੋਰ ਹਾਜ਼ਰ ਸਨ |