ਮੋਗਾ, 2 ਫਰਵਰੀ (ਸੁਰਿੰਦਰਪਾਲ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਪੰਜਾਬ ਦੀ ਸੂਬਾ ਪੱਧਰੀ ਲੁਧਿਆਣਾ ਵਿਖੇ ਹੋਈ ਮੀਟਿੰਗ ਦੇ ਫ਼ੈਸਲੇ ਨੂੰ ਲਾਗੂ ਕਰਨ ਹਿੱਤ 13 ਫਰਵਰੀ ਨੂੰ 12:30 ਵਜੇ ਡਿਪਟੀ ਕਮਿਸ਼ਨਰ ਮੋਗਾ ਨੂੰ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਦੀ ਪੂਰਤੀ ਲਈ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਨਾਂਅ ਮੰਗ ਪੱਤਰ ਦਿੱਤੇ ਜਾਣਗੇ | ਇਸ ਸਬੰਧ 'ਚ ਜੁਆਇੰਟ ਫ਼ਰੰਟ ਦੇ ਜ਼ਿਲ੍ਹਾ ਆਗੂਆਂ, ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੁਖਮੰਦਰ ਸਿੰਘ ਸਰਬਜੀਤ ਦੌਧਰ, ਪੀ.ਐਸ.ਪੀ.ਸੀ.ਐਲ. ਪੈਨਸ਼ਨਰਜ਼ ਐਸੋਸੀਏਸ਼ਨ ਦੇ ਬਲੌਰ ਸਿੰਘ ਘਾਲੀ, ਜਗਰੂਪ ਸਿੰਘ ਪੁਰਾਣੇ ਵਾਲਾ, ਮਹਾਂਸੰਘ ਵਲੋਂ ਅਵਤਾਰ ਸਿੰਘ ਕੈਂਥ, ਸਵਰਨ ਸਿੰਘ ਸ਼ਾਹ ਬੁੱਕਰ, ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਰਛਪਾਲ ਸਿੰਘ ਸੰਧੂ ਪ੍ਰਧਾਨ ਅਤੇ ਸੁਖਦੇਵ ਸਿੰਘ ਖੋਸਾ ਜਨਰਲ ਸਕੱਤਰ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਪੰਜਾਬ ਸਰਕਾਰ ਦੇ ਕਠੋਰ ਰਵੱਈਏ ਕਰ ਕੇ ਪੰਜਾਬ ਦੇ ਪੈਨਸ਼ਨਰਾਂ ਨੂੰ ਕੇਂਦਰ ਨਾਲੋਂ ਡੀ.ਏ. 18 ਫ਼ੀਸਦੀ ਘੱਟ ਮਿਲ ਰਿਹਾ ਹੈ, ਜਿਸ ਨਾਲ ਹਰ ਇਕ ਪੈਨਸ਼ਨਰ ਨੂੰ ਹਜ਼ਾਰਾਂ ਰੁਪਏ ਮਹੀਨੇ ਦਾ ਘਾਟਾ ਪੈ ਰਿਹਾ ਹੈ, ਇਸ ਦੇ ਨਾਲ ਹੀ ਹੋਰ ਮੰਗਾਂ ਜਿਵੇਂ ਛੇਵੇਂ ਪੇ ਕਮਿਸ਼ਨ ਦੁਆਰਾ ਸਿਫ਼ਾਰਸ਼ ਕੀਤਾ 2.59 ਦਾ ਗੁਣਾਂਕ ਦੇਣ ਤੋਂ ਪੰਜਾਬ ਸਰਕਾਰ ਮੁੱਕਰ ਚੁੱਕੀ ਹੈ, ਜਿਸ ਕਰ ਕੇ ਪੰਜਾਬ ਦੇ ਪੈਨਸ਼ਨਰ ਮਾਰਚ ਦੇ ਪਹਿਲੇ ਹਫ਼ਤੇ ਬਜਟ ਤੋਂ ਪਹਿਲਾਂ ਸੰਗਰੂਰ ਵਿਖੇ ਇਕ ਵਿਸ਼ਾਲ ਰੈਲੀ ਅਤੇ ਮਾਰਚ ਕਰਨ ਲਈ ਤਿਆਰੀਆਂ ਵਿੱਢ ਚੁੱਕੇ ਹਨ | ਉਪਰੋਕਤ ਆਗੂਆਂ ਨੇ ਦੱਸਿਆ ਕਿ ਸਾਰੀਆਂ ਜਥੇਬੰਦੀਆਂ ਸਾਂਝੇ ਤੌਰ 'ਤੇ ਆਪਣਾ ਪੂਰਨ ਯੋਗਦਾਨ ਪਾ ਕੇ ਸੰਘਰਸ਼ ਨੂੰ ਕਾਮਯਾਬ ਕਰਨਗੀਆਂ | ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰੈੱਸ ਸਕੱਤਰ ਗਿਆਨ ਸਿੰਘ ਸੇਵਾ ਮੁਕਤ ਡੀ.ਪੀ.ਆਰ.ਓ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਘਰਸ਼ ਵਿਚ ਸ਼ਮੂਲੀਅਤ ਕਰਨ ਦੇ ਪ੍ਰੋਗਰਾਮ ਉਲੀਕਣ ਲਈ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੀ ਸਬ ਡਵੀਜ਼ਨ ਬਾਘਾ ਪੁਰਾਣਾ, ਧਰਮਕੋਟ ਦੀ ਮੀਟਿੰਗ 7 ਫਰਵਰੀ, ਨਿਹਾਲ ਸਿੰਘ ਵਾਲਾ ਦੀ 9 ਫਰਵਰੀ, ਮੋਗਾ ਜ਼ਿਲ੍ਹਾ ਕਮੇਟੀ ਅਤੇ ਸਬ ਡਵੀਜ਼ਨਾਂ ਦੀ ਸਾਂਝੀ ਮੀਟਿੰਗ 13 ਫਰਵਰੀ ਨੂੰ 10 ਵਜੇ ਤੋਂ 12 ਵਜੇ ਤੱਕ ਸੁਤੰਤਰਤਾ ਸੈਨਾਨੀ ਭਵਨ ਮੋਗਾ ਵਿਖੇ ਹੋਵੇਗੀ |