ਮੋਗਾ, 3 ਫਰਵਰੀ (ਸੁਰਿੰਦਰਪਾਲ ਸਿੰਘ)-ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਲੋਂ ਪੰਜਾਬ ਦੀ ਨਵ ਸਿਰਜਣਾ ਲਈ ਹਫ਼ਤਾਵਾਰੀ ਗੋਸ਼ਟੀ ਸਿਰਜਣਾ ਤੇ ਸੰਵਾਦ ਤਹਿਤ ਨਿਵੇਕਲੀ ਕਿਸਮ ਦਾ ਸਮਾਗਮ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਮੋਗਾ ਵਿਖੇ ਕਰਵਾਇਆ ਗਿਆ | ਕਲਾ ਪ੍ਰੀਸ਼ਦ ਦੇ ਚੇਅਰਮੈਨ ਤੇ ਸਾਹਿਤ ਅਕਾਦਮੀ ਐਵਾਰਡ ਪ੍ਰਾਪਤ ਸ਼ਾਇਰ ਸਵਰਨਜੀਤ ਸਵੀ ਦੀ ਅਗਵਾਈ ਵਿਚ ਕਲਾ ਪ੍ਰੀਸ਼ਦ ਨੇ ਪੰਜਾਬ ਵਿਚ ਅਜਿਹੇ ਵੀਹ ਪ੍ਰੋਗਰਾਮ ਉਲੀਕੇ ਹਨ | ਇਸ ਕੜੀ ਦਾ ਪਹਿਲਾ ਸਮਾਗਮ ਨਾਮਵਰ ਗਲਪਕਾਰ ਕਿਰਪਾਲ ਕਜ਼ਾਕ ਦੀ ਦੇਖ-ਰੇਖ ਹੇਠ ਹੋਇਆ, ਜਿਸ ਵਿਚ ਚਰਚਿਤ ਪੰਜਾਬੀ ਕਹਾਣੀਕਾਰ ਗੁਰਮੀਤ ਕੜਿਆਲਵੀ ਅਤੇ ਮੈਲਾਨਨ ਪੁਸਤਕ ਦੇ ਕਹਾਣੀਕਾਰ ਜਸਵਿੰਦਰ ਧਰਮਕੋਟ ਨਾਲ ਸੰਵਾਦ ਰਚਾਇਆ ਗਿਆ | ਸਮਾਗਮ ਦੀ ਸ਼ੁਰੂਆਤ ਵਿਚ ਕੋਆਰਡੀਨੇਟਰ ਕਿਰਪਾਲ ਕਜ਼ਾਕ ਨੇ ਦੱਸਿਆ ਕਿ ਕਲਾ ਪ੍ਰੀਸ਼ਦ ਵਲੋਂ ਉਲੀਕੇ ਇਸ ਸਮਾਗਮ ਦਾ ਮਨੋਰਥ ਪੰਜਾਬੀ ਕਹਾਣੀ ਸਬੰਧੀ ਬੜੇ ਚਿਰਾਂ ਤੋਂ ਬੰਦ ਪਈ ਸੰਵਾਦ ਦੀ ਪਰੰਪਰਾ ਨੂੰ ਮੁੜ ਸ਼ੁਰੂ ਕਰਨਾ ਹੈ | ਕਜ਼ਾਕ ਨੇ ਦੇਸ਼ ਦੀਆਂ ਵੱਖ-ਵੱਖ ਭਾਸ਼ਾਵਾਂ ਵਿਚ ਸਾਹਿਤਕਾਰਾਂ ਦੇ ਹੋ ਰਹੇ ਆਪਸੀ ਸੰਵਾਦ ਬਾਰੇ ਦੱਸਿਆ ਕਿ ਇਸ ਨਾਲ ਜਿੱਥੇ ਲੇਖਕ ਦੀ ਚੰਗੀ ਰਚਨਾ ਦੀ ਗੱਲ ਚੱਲਦੀ ਹੈ ਉੱਥੇ ਉਸ ਨੂੰ ਆਪਣੀਆਂ ਘਾਟਾਂ ਤੇ ਸੀਮਾਵਾਂ ਦਾ ਵੀ ਪਤਾ ਚੱਲਦਾ ਹੈ | ਆਪਣੀ ਸਿਰਜਣਾਤਮਿਕਤਾ ਬਾਰੇ ਬੋਲਦਿਆਂ ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਕਿਹਾ ਕਿ ਮੈਂ ਆਪਣੇ ਪਾਤਰਾਂ ਨਾਲ ਇਨ੍ਹਾਂ ਰਲਗੱਡ ਹੋ ਜਾਂਦਾ ਹਾਂ ਕਿ ਇਨ੍ਹਾਂ ਨਾਲੋਂ ਆਪਣੇ ਆਪ ਨੂੰ ਵੱਖ ਕਰਨਾ ਮੁਸ਼ਕਿਲ ਹੁੰਦਾ ਹੈ | ਕੜਿਆਲਵੀ ਨੇ ਕਿਹਾ ਕਿ ਦੱਬੇ ਕੁਚਲੇ ਲੋਕਾਂ 'ਚੋਂ ਲੱਠ ਵਰਗੇ ਪਾਤਰ ਚਿੱਤਰ ਕੇ ਖ਼ੁਸ਼ੀ ਮਿਲਦੀ ਹੈ | ਜਸਵਿੰਦਰ ਧਰਮਕੋਟ ਨੇ ਆਪਣੇ 25 ਸਾਲਾਂ ਦੇ ਅਧਿਆਪਨ ਕਾਰਜ ਦੌਰਾਨ ਹੋਏ ਨਿੱਜੀ ਅਨੁਭਵ ਤੇ ਤਜਰਬਿਆਂ ਨੂੰ ਆਪਣੀ ਕਹਾਣੀ ਵਿਚ ਲੈ ਕੇ ਆਉਣ ਬਾਰੇ ਆਖਿਆ | ਉਸ ਨੇ ਆਪਣੀਆਂ ਸੀਮਾਵਾਂ ਤੇ ਕਹਾਣੀ ਲਿਖਣ ਸਮੇਂ ਦਰਪੇਸ਼ ਔਕੜਾਂ ਦੀ ਵੀ ਗੱਲ ਕੀਤੀ | ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ ਕਾਉਣੀ ਦੇ ਡਾ. ਗੁਰਜੀਤ ਸਿੰਘ ਸੰਧੂ ਅਤੇ ਸਰਕਾਰੀ ਕਾਲਜ ਗੁਰੂ ਤੇਗ ਬਹਾਦਰਗੜ੍ਹ ਦੇ ਅਸਿਸਟੈਂਟ ਪ੍ਰੋਫੈਸਰ ਡਾ. ਹਰਿੰਦਰ ਸਿੰਘ ਨੇ ਦੋਵਾਂ ਲੇਖਕਾਂ ਨਾਲ ਸੰਵਾਦ ਰਚਾਉਂਦਿਆਂ ਬਹੁਤ ਹੀ ਮਹੱਤਵਪੂਰਨ ਸਵਾਲ ਕੀਤੇ | ਡਾਕਟਰ ਸੰਧੂ ਨੇ ਕਹਾਣੀ ਰਾਹੀਂ ਕੋਈ ਆਦਰਸ਼ ਸਿਰਜਣ ਅਤੇ ਡਾਕਟਰ ਹਰਿੰਦਰ ਸਿੰਘ ਨੇ ਰਚਨਾ ਵਿਚ ਲੇਖਕ ਦੇ ਦਖ਼ਲ ਸਬੰਧੀ ਅਹਿਮ ਨੁਕਤੇ ਉਭਾਰੇ | ਨਾਮਵਰ ਲੇਖਕ ਕੇ.ਐਲ. ਗਰਗ ਨੇ ਆਪਣੇ ਸਵਾਲ ਵਿਚ ਲੇਖਕ ਦੀ ਆਪਣੇ ਪਾਤਰ ਨਾਲ ਮਾਨਸਿਕ ਤੇ ਭਾਵਨਾਤਮਿਕ ਸਾਂਝ ਦਾ ਮੁੱਦਾ ਛੋਹਿਆ | ਜ਼ਿਲ੍ਹਾ ਭਾਸ਼ਾ ਅਫ਼ਸਰ ਡਾਕਟਰ ਅਜੀਤਪਾਲ, ਕਹਾਣੀਕਾਰ ਜਸਵੀਰ ਕਲਸੀ, ਖੋਜ ਅਫ਼ਸਰ ਫ਼ਰੀਦਕੋਟ ਕੰਵਰਜੀਤ ਸਿੰਘ ਸਿੱਧੂ, ਸ਼ਾਇਰ ਗੁਰਪਿਆਰ ਸਿੰਘ ਹਰੀ ਨੌਂ, ਮਹਿੰਦਰ ਸਾਥੀ ਯਾਦਗਾਰੀ ਮੰਚ ਦੇ ਪ੍ਰਧਾਨ ਨਵਨੀਤ ਸਿੰਘ ਸੇਖਾ, ਕੈਨੇਡਾ ਤੋਂ ਉਚੇਚੇ ਤੌਰ 'ਤੇ ਪਹੁੰਚੇ ਨਾਵਲਕਾਰ ਜਰਨੈਲ ਸਿੰਘ ਸੇਖਾ, ਗੁਰਮੇਲ ਸਿੰਘ ਬੌਡੇ, ਸ਼ਾਇਰਾ ਅਮਰਪ੍ਰੀਤ ਕੌਰ ਸੰਘਾ, ਅਵਤਾਰ ਕਮਾਲ, ਕਹਾਣੀਕਾਰ ਅਲਫਾਜ਼ ਬਲਵਿੰਦਰ ਸਿੰਘ ਰੋਡੇ, ਨਾਟਕਕਾਰ ਮੋਹੀ ਅਮਰਜੀਤ, ਪਿ੍ੰਸੀਪਲ ਅਵਤਾਰ ਸਿੰਘ ਕਰੀਰ, ਨੌਜਵਾਨ ਵਾਰਤਕਕਾਰ ਚਿੱਟਾ ਸਿੱਧੂ, ਸ਼ਾਇਰ ਸੁਖਵਿੰਦਰ ਸੁੱਖੀ, ਕੁਲਵੰਤ ਸਿੰਘ ਧਾਲੀਵਾਲ, ਪ੍ਰਣੀਤ ਧਰਮਕੋਟ, ਸਿਮਰਜੀਤ ਸਿੰਮੀ, ਸ਼ਾਇਰ ਧਾਮੀ ਗਿੱਲ, ਜਨਰਲ ਸਕੱਤਰ ਗੁਰਪ੍ਰੀਤ ਧਰਮਕੋਟ, ਗਿਆਨ ਸਿੰਘ ਡੀ.ਪੀ.ਆਰ.ਓ., ਦਰਸ਼ਨ ਸਿੰਘ ਦੁਸਾਂਝ ਅਤੇ ਗੁਰਮੀਤ ਰੱਖੜਾ ਕੜਿਆਲ ਸਮੇਤ ਬਹੁਤ ਸਾਰੇ ਪਾਠਕਾਂ ਤੇ ਲੇਖਕਾਂ ਨੇ ਵਿਚਾਰ ਚਰਚਾ ਵਿਚ ਸਰਗਰਮ ਹਿੱਸਾ ਲਿਆ |