ਮੋਗਾ, 6 ਫਰਵਰੀ (ਜਸਪਾਲ ਸਿੰਘ ਬੱਬੀ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਲੀਣਾ (ਮੋਗਾ) ਦੇ ਪਿ੍ੰਸੀਪਲ ਅਤੇ ਡੀ.ਐਸ.ਐਸ.ਐਮ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ 'ਟੈਲੇਂਟ ਹੰਟ' ਮੁਕਾਬਲੇ ਵਿਚ ਵੱਖ-ਵੱਖ ਵੰਨਗੀਆਂ ਵਿਚ 4 ਇਨਾਮ ਜਿੱਤ ਕੇ ਜ਼ਿਲ੍ਹੇ ਵਿਚ ਨਾਮ ਰੌਸ਼ਨ ਕੀਤਾ ਹੈ | ਉਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਸ਼ਬਦ ਗਾਇਨ ਸੰਗੀਤ ਅਧਿਆਪਕ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਸ਼ਬਦ ਗਾਇਨ ਮੁਕਾਬਲੇ ਵਿਚ ਸਕੂਲ ਦੇ ਸੀਨੀਅਰ ਵਿੰਗ ਅਤੇ ਮਿਡਲ ਵਿੰਗ ਦੋਵਾਂ ਨੇ ਹੀ ਪਹਿਲਾ ਸਥਾਨ ਹਾਸਲ ਕੀਤਾ, ਲੋਕ ਨਾਚ ਗਿੱਧਾ ਸਭਿਆਚਾਰਕ ਪੇਸ਼ਕਾਰੀ ਵਿਚ ਅਧਿਆਪਕਾ ਰੁਪਿੰਦਰ ਕੌਰ ਦੀ ਦੇਖ-ਰੇਖ ਹੇਠ ਤਿਆਰ ਕੀਤੇ ਗਏ ਗਿੱਧੇ ਵਿਚ ਸੀਨੀਅਰ ਵਿੰਗ ਅਤੇ ਮਿਡਲ ਵਿੰਗ ਦੋਵਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਲਗਨ ਅਤੇ ਬੱਚਿਆਂ ਦੀ ਦਿਨ-ਰਾਤ ਦੀ ਮਿਹਨਤ ਸਦਕਾ ਹੀ ਇਹ ਪ੍ਰਾਪਤੀ ਸੰਭਵ ਹੋਈ ਹੈ | ਉਨ੍ਹਾਂ ਨੇ ਰੁਪਿੰਦਰ ਕੌਰ ਅਤੇ ਗੁਰਪ੍ਰੀਤ ਸਿੰਘ ਦੇ ਯੋਗਦਾਨ ਦੀ ਸ਼ਲਾਘਾ ਕੀਤੀ | ਇਸ ਮੌਕੇ ਜੇਤੂਆਂ ਦਾ ਸਨਮਾਨ ਕੀਤਾ |