ਮੋਗਾ, 6 ਫਰਵਰੀ (ਗੁਰਤੇਜ ਸਿੰਘ ਬੱਬੀ)-ਪਿਛਲੇ ਸਮੇਂ ਵਿਚ ਮਾਨਯੋਗ ਅਦਾਲਤਾਂ ਵਿਚ ਐਕਸ਼ਨ ਪਲੈਨ ਕੇਸ ਲੀਗਲ ਐਂਡ ਡਿਫੈਂਸ ਕੌਸਲ ਸਿਸਟਮ, ਨਵੀਆਂ ਗ੍ਰਾਮ ਨਿਆਲਿਆ ਬਣਾਉਣ ਸਬੰਧੀ ਸਾਰੀਆਂ ਮਾਨਯੋਗ ਅਦਾਲਤਾਂ ਵਿਚ ਕੰਮ ਕਰ ਰਹੇ ਵਕੀਲ ਸਾਹਿਬਾਨ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਕਰਕੇ ਸਮੂਹ ਬਾਰ ਐਸੋਸੀਏਸ਼ਨ ਪੰਜਾਬ ਵਲੋਂ 5 ਫਰਵਰੀ 2026 ਤੋ ਮਿਤੀ 7 ਫਰਵਰੀ 2026 ਤੱਕ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਜਿਸ ਕਾਰਨ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਮਾਨਯੋਗ ਜਸਟਿਸ ਲੀਜਾ ਮਿੱਲ ਚੇਅਰਪਰਸਨ ਰੀਡੈ੍ਰਸ਼ਲ ਕਮੇਟੀ ਬਾਰ ਐਸੋਸੀਏਸ਼ਨ ਪੰਜਾਬ ਐਂਡ ਹਰਿਆਣਾ ਵਲੋਂ ਸਮੂਹ ਬਾਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨਾਂ ਅਤੇ ਸੈਕਟਰੀਆਂ ਨੂੰ ਮੀਟਿੰਗ ਲਈ 5 ਫਰਵਰੀ ਨੂੰ ਬੁਲਾਇਆ ਗਿਆ ਸੀ ਉਸ ਮੀਟਿੰਗ ਵਿਚ ਮਾਨਯੋਗ ਜਸਟਿਸ ਗੁਰਵਿੰਦਰ ਸਿੰਘ ਗਿੱਲ ਏ.ਜੀ. ਹਰਿਆਣਾ, ਸਰਤੇਜ ਸਿੰਘ ਨਰੂਲਾ ਪ੍ਰਧਾਨ ਬਾਰ ਐਸੋਸੀਏਸ਼ਨ ਹਾਈ ਕੋਰਟ, ਗਗਨ ਜੰਮੂ ਸੈਕਟਰੀ ਬਾਰ ਐਸੋਸੀਏਸ਼ਨ ਹਾਈ ਕੋਰਟ ਅਤੇ ਸਮੂਹ ਬਾਰ ਐਸੋਸ਼ੀਏਸ਼ਨਜ ਪੰਜਾਬ ਦੇ ਪ੍ਰਧਾਨ ਅਤੇ ਸੈਕਟਰੀ ਤੋ ਇਲਾਵਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਐਡਵੋਕੇਟ ਸੁਖਵਿੰਦਰ ਸਿੰਘ ਸਿੱਧੂ ਵੀ ਸ਼ਾਮਲ ਹੋਏ, ਮੋਗਾ ਕਚਹਿਰੀ ਵਿਚ ਆ ਰਹੀਆਂ ਸਮੱਸਿਆਵਾਂ ਬਾਰੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਮਾਨਯੋਗ ਜਸਟਿਸ ਲੀਜਾ ਗਿੱਲ ਨੂੰ ਜਾਣੂੰ ਕਰਵਾਇਆ ਗਿਆ ਅਤੇ ਜਿੱਥੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਮਾਨਯੋਗ ਜਸਟਿਸ ਲੀਜਾ ਗਿੱਲ ਵਲੋਂ ਉਕਤ ਦੱਸੇ ਗਏ ਸਾਰੇ ਮੁੱਦਿਆਂ ਨੂੰ ਬਹੁਤ ਧਿਆਨ ਨਾਲ ਸੁਣਿਆਂ ਗਿਆ ਅਤੇ ਮਾਨਯੋਗ ਜਸਟਿਸ ਲੀਜਾ ਗਿੱਲ ਵਲੋਂ ਉਕਤ ਮੁੱਦਿਆਂ ਸਬੰਧੀ ਸੁਝਾਅ ਮੰਗੇ ਅਤੇ ਜਲਦ ਹੀ ਉਕਤ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਵਾਅਦਾ ਕੀਤਾ ਸੋ ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਸੋਮਵਾਰ ਮਿਤੀ 9 ਫਰਵਰੀ ਤੋ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਗਿਆ ਅਤੇ ਜੇਕਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਹੀ ਹੁੰਦਾ ਤਾਂ ਮੁੜ ਤੋ ਸਮੂਹ ਬਾਰ ਐਸੋਸੀਏਸ਼ਨ ਪੰਜਾਬ ਵਲੋਂ ਅਗਲੀ ਰਣਨੀਤੀ ਘੜ ਕੇ ਮੁੜ ਤੋ ਲੰਮੇ ਸਮੇਂ ਦੀ ਹੜਤਾਲ ਦਾ ਐਲਾਨ ਕੀਤਾ ਜਾਵੇਗਾ |