ਸੈਂਕੜੇ ਕਿਸਾਨ, ਮਜ਼ਦੂਰ ਬੀਬੀਆਂ ਵਲੋਂ ਦਿੱਲੀ ਅੰਦੋਲਨ-2 ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ <br/>
ਅਜੀਤ ਡੈਸਕ
22-02-2026
ਕਿਸਾਨ ਜਥੇਬੰਦੀਆਂ ਕੇਂਦਰ ਦੇ ਲੋਕ ਵਿਰੋਧੀ ਫ਼ੈਸਲਿਆਂ ਦਾ ਡਟ ਕੇ ਵਿਰੋਧ ਕਰਨਗੀਆਂ-ਆਗੂ
ਮੋਗਾ, (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਜਗਮੋਹਨ ਸਿੰਘ ਕੰਗ ਨੇ ਜਾਣਕਾਰੀ ਦਿੱਤੀ ਕਿ ਮਜ਼ਦੂਰ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਖਨੌਰੀ ਬਾਰਡਰ 'ਤੇ ਸ਼ਹੀਦ ਹੋਏ ਸ਼ੁਭਕਰਨ ਸਮੇਤ ਹੋਰਨਾਂ ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਨੇਚਰ ਪਾਰਕ ਮੋਗਾ ਵਿਖੇ ਸ਼ਰਧਾਂਜਲੀਆਂ ਦਿੱਤੀਆਂ | ਰੈਲੀ ਦੇ ਸ਼ੁਰੂ ਵਿਚ ਮੌਨ ਧਾਰ ਕੇ ਸ਼ੁਭਕਰਨ ਨੂੰ ਸ਼ਰਧਾਂਜਲੀ ਦਿੱਤੀ ਗਈ | ਕੇਂਦਰ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ, ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਵੈਰੋਕੇ, ਜ਼ਿਲ੍ਹਾ ਪ੍ਰਧਾਨ ਲਾਭ ਸਿੰਘ ਰੋਡੇ, ਜ਼ਿਲ੍ਹਾ ਸਕੱਤਰ ਪਰਮਿੰਦਰ ਸਿੰਘ ਬਰਾੜ, ਹਰਬੰਸ ਸਿੰਘ ਨਿਧਾਂਵਾਲਾ, ਗੁਰਦੌਰ ਸਿੰਘ, ਰਣਜੀਤ ਸਿੰਘ, ਟਹਿਲ ਸਿੰਘ ਝੰਡੇਆਣਾ, ਗੁਰਜੀਤ ਸਿੰਘ, ਬਲਦੇਵ ਸਿੰਘ ਮਹੇਸ਼ਰੀ, ਬਲਵਿੰਦਰ ਸਿੰਘ ਨੇ ਸੰਬੋਧਨ ਕੀਤਾ | ਸਾਰੇ ਬੁਲਾਰੇ ਨੇ ਦੱਸਿਆ ਕਿ 13 ਫਰਵਰੀ 2024 ਨੂੰ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗ਼ੈਰ ਸਿਆਸੀ) ਨੇ ਦਿੱਲੀ ਕੂਚ ਦਾ ਪ੍ਰੋਗਰਾਮ ਦਿੱਤਾ ਸੀ ਪਰ ਹਰਿਆਣਾ ਦੀ ਭਾਜਪਾ ਸਰਕਾਰ ਨੇ ਸਖ਼ਤ ਬੈਰੀਕੇਟਿੰਗ ਕਰ ਕੇ ਅਤੇ ਵੱਡੀ ਪੱਧਰ 'ਤੇ ਫੋਰਸਾਂ ਝੋਕ ਕੇ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਦੇ ਬਾਰਡਰਾਂ 'ਤੇ ਸ਼ੰਭੂ ਅਤੇ ਖਨੌਰੀ ਰੋਕ ਲਿਆ | ਦੋ ਦਿਨ ਜੱਦੋ-ਜਹਿਦ ਹੁੰਦੀ ਰਹੀ | ਫਿਰ ਰੁਕ ਕੇ 21 ਫਰਵਰੀ ਨੂੰ ਦੁਬਾਰਾ ਦਿੱਲੀ ਵੱਲ ਵਧਣ ਦੀ ਕੋਸ਼ਿਸ਼ ਕੀਤੀ | ਉਸ ਦਿਨ ਖਨੌਰੀ ਬਾਰਡਰ 'ਤੇ ਨੌਜਵਾਨ ਕਿਸਾਨ ਸ਼ੁਭਕਰਨ ਦੀ ਪੁਲਿਸ ਦੀ ਗੋਲੀ ਨਾਲ ਸ਼ਹੀਦੀ ਹੋ ਗਈ | ਕਿਸਾਨ ਜਥੇਬੰਦੀਆਂ ਐਮ.ਐਸ.ਪੀ. ਗਰੰਟੀ ਕਾਨੂੰਨ ਬਣਾਉਣ, ਕਰਜ਼ਾ ਮਾਫ਼ੀ, ਫ਼ਸਲਾਂ ਦਾ ਬੀਮਾ, ਹਰ 58 ਸਾਲ ਦੇ ਮਜ਼ਦੂਰ ਕਿਸਾਨ ਨੂੰ ਪੈਨਸ਼ਨ, ਨਰੇਗਾ ਕਾਨੂੰਨ ਤਹਿਤ 200 ਦਿਨ ਦੀ ਕੰਮ ਗਰੰਟੀ ਆਦਿ ਮੰਗਾਂ ਲਈ ਸੰਘਰਸ਼ ਕਰ ਰਹੇ ਸਨ | ਕੇਂਦਰ ਸਰਕਾਰ ਨੇ ਇਹ ਮੰਗਾਂ ਤਾਂ ਕੀ ਮੰਨਣੀਆਂ ਸਨ (ਬਾਕੀ ਸਫਾ 6 'ਤੇ)
(ਸਫਾ 5 ਦੀ ਬਾਕੀ)
ਉਲਟਾ ਹੋਰ ਬਹੁਤ ਸਾਰੇ ਕਿਸਾਨ ਮਜ਼ਦੂਰ ਵਿਰੋਧੀ ਬਿੱਲ ਪਾਰਲੀਮੈਂਟ ਵਿਚ ਲਿਆਂਦੇ ਗਏ ਜਿਵੇਂ ਬਿਜਲੀ ਸੋਧ ਬਿੱਲ 2025, ਬੀਜ ਬਿੱਲ 2025, ਖੇਤੀ ਨੀਤੀ ਰਾਹੀਂ ਪੁਰਾਣੇ ਵਾਪਸ ਕਰਾਏ ਕਾਲੇ ਖੇਤੀ ਕਾਨੂੰਨਾਂ, ਕਾਰਪੋਰੇਟਾਂ ਲਈ ਲੈਂਡ ਪੋਲਿੰਗ ਪਾਲਿਸੀ ਰਾਹੀਂ ਕਿਸਾਨਾਂ ਤੋਂ ਉਪਜਾਊ ਜ਼ਮੀਨਾਂ ਖੋਹਣੀਆਂ ਆਦਿ | ਕਿਸਾਨ ਜਥੇਬੰਦੀਆਂ ਇਸ ਲੋਕ ਵਿਰੋਧੀ ਫ਼ੈਸਲਿਆਂ ਦਾ ਡਟ ਕੇ ਵਿਰੋਧ ਕਰਨਗੀਆਂ ਤੇ ਲਾਗੂ ਹੋਣ ਤੋਂ ਰੋਕਣ ਲਈ ਜੱਦੋ-ਜਹਿਦ ਕੀਤੀ ਜਾਵੇਗੀ | ਆਗੂਆਂ ਨੇ ਕਿਹਾ ਕਿ ਭਾਰਤ ਸਰਕਾਰ ਸਾਮਰਾਜਵਾਦ ਖ਼ਾਸ ਕਰ ਕੇ ਅਮਰੀਕਨ ਸਾਮਰਾਜਵਾਦ ਦੇ ਥੱਲੇ ਲੱਗੀ ਹੋਈ ਹੈ | ਉਸ ਨਾਲ ਫ਼ਰੀ ਟਰੇਡ ਸਮਝੌਤੇ ਕਰ ਕੇ ਸਾਡੀ ਖੇਤੀਬਾੜੀ ਨੂੰ ਹੋਰ ਡੋਬ ਰਹੀ ਹੈ | ਇਨ੍ਹਾਂ ਹਮਲਿਆਂ ਦਾ ਇੱਕਜੁੱਟ ਹੋ ਕੇ ਜਵਾਬ ਦੇਣਾ ਬਣਦਾ ਹੈ |