ਬਾਘਾ ਪੁਰਾਣਾ, 21 ਫਰਵਰੀ (ਟਿੰਕੂ ਕਾਠਪਾਲ)- ਪੰਜਾਬ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਇਕ ਵਿਸ਼ਾਲ ਅਤੇ ਭਾਵਪੂਰਕ ਸਮਾਗਮ ਕਰਵਾਇਆ ਗਿਆ | ਜਿਸ ਦਾ ਮਕਸਦ ਵਿਦਿਆਰਥੀਆਂ 'ਚ ਆਪਣੀ ਮਾਂ ਬੋਲੀ ਪੰਜਾਬੀ ਪ੍ਰਤੀ ਸਤਿਕਾਰ ਜਾਗਰੂਕਤਾ ਅਤੇ ਮਾਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਸੀ | ਸਮਾਗਮ ਦੀ ਸ਼ੁਰੂਆਤ ਮਾਂ ਬੋਲੀ ਦੀ ਮਹੱਤਤਾ 'ਤੇ ਚਾਨਣ ਪਾਉਂਦੇ ਸੰਦੇਸ਼ ਨਾਲ ਲੈਕਚਰਾਰ ਹਰਜਿੰਦਰਪਾਲ ਸਿੰਘ ਵਲੋਂ ਕੀਤੀ ਗਈ | ਇਸ ਉਪਰੰਤ ਵਿਦਿਆਰਥੀਆਂ ਵਲੋਂ ਪੰਜਾਬੀ ਭਾਸ਼ਾ ਦੀ ਅਮੀਰ ਵਿਰਾਸਤ ਨੂੰ ਗੀਤਾਂ ਅਤੇ ਕਵਿਤਾਵਾਂ ਰਾਹੀਂ ਦਰਸਾਇਆ ਗਿਆ | ਬੱਚਿਆਂ ਨੇ ਬਹੁਤ ਹੀ ਆਤਮ-ਵਿਸ਼ਵਾਸ ਨਾਲ ਮਾਂ ਬੋਲੀ ਰਾਹੀਂ ਵਿਚਾਰ ਪ੍ਰਗਟ ਕਰਦਿਆਂ ਇਹ ਸੰਦੇਸ਼ ਦਿੱਤਾ ਕਿ ਭਾਸ਼ਾ ਸਿਰਫ਼ ਬੋਲਚਾਲ ਦਾ ਸਾਧਨ ਨਹੀਂ ਸਗੋਂ ਇਹ ਸਾਡੀ ਪਹਿਚਾਣ ਅਤੇ ਸੰਸਕਿ੍ਤੀ ਦੀ ਰੂਹ ਹੈ | ਇਸ ਮੌਕੇ ਸੰਸਥਾ ਦੇ ਪਿ੍ੰਸੀਪਲ ਅਤੇ ਡਾਇਰੈਕਟਰ ਸੰਦੀਪ ਮਹਿਤਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਾਂ ਬੋਲੀ ਨਾਲ ਜੁੜ ਕੇ ਹੀ ਵਿਦਿਆਰਥੀ ਆਪਣੇ ਮੂਲ ਵਿਰਸੇ ਅਤੇ ਜੜ੍ਹਾਂ ਨਾਲ ਜੁੜ ਸਕਦੇ ਹਨ | ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਪੰਜਾਬੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ | ਇਸ ਮੌਕੇ ਪਿ੍ੰਸੀਪਲ ਮੈਡਮ ਪਰਮਿੰਦਰ ਕੌਰ, ਕੋਆਰਡੀਨੇਟਰ ਮੁਕੇਸ਼ ਅਰੋੜਾ, ਮੈਡਮ ਸੁਧਾ ਮਹਿਤਾ, ਮੈਡਮ ਖੁਸ਼ਪ੍ਰੀਤ ਕੌਰ ਅਤੇ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ |