ਮੋਗਾ, 22 ਫਰਵਰੀ (ਸੁਰਿੰਦਰਪਾਲ ਸਿੰਘ)-ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਦਸਮੇਸ਼ ਪਾਰਕ ਮੋਗਾ ਵਿਖੇ ਪੰਜਾਬੀ ਲੇਖਕਾਂ ਦੀ ਪਹਿਲਕਦਮੀ ਨਾਲ ਮਾਂ ਬੋਲੀ ਪੰਜਾਬੀ ਦਿਵਸ ਮਨਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਉੱਘੀ ਪੰਜਾਬੀ ਲੇਖਕਾ ਗੁਰਸ਼ਰਨ ਕੌਰ ਮੋਗਾ ਨੇ ਕਿਹਾ ਕਿ ਸਾਨੂੰ ਆਪਣੀ ਮਾਂ ਬੋਲੀ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ | ਉਨ੍ਹਾਂ ਨੇ ਪੜ੍ਹੋ ਪੰਜਾਬੀ, ਲਿਖੋ ਪੰਜਾਬੀ, ਸਭ ਤੋਂ ਉੱਚੀ ਸ਼ਾਨ ਨਵਾਬੀ ਦਾ ਹੋਕਾ ਦਿੰਦਿਆਂ ਕਿਹਾ ਕਿ ਜੋ ਕੌਮ ਆਪਣੀ ਮਾਂ ਬੋਲੀ ਭੁੱਲ ਜਾਂਦੀ ਹੈ, ਉਹ ਕੱਖਾਂ ਵਾਂਗ ਰੁਲ ਜਾਂਦੀ ਹੈ | ਲੋਹਮਣੀ ਪੰਜਾਬੀ ਮੈਗਜ਼ੀਨ ਦੇ ਸੰਪਾਦਕ ਤੇ ਲੇਖਕ ਜਗੀਰ ਸਿੰਘ ਖੋਖਰ ਨੇ ਮਾਂ ਬੋਲੀ ਦੀ ਸਾਡੇ ਜੀਵਨ ਵਿਚ ਮਹੱਤਤਾ ਬਾਰੇ ਬੋਲਦਿਆਂ ਮਾਂ ਬੋਲੀ ਨੂੰ ਹਮੇਸ਼ਾ ਪਹਿਲ ਦੇਣ ਦੀ ਅਪੀਲ ਕੀਤੀ | ਮਾਂ ਬੋਲੀ ਪੰਜਾਬੀ ਵਿਚ ਲਿਖੇ ਪੋਸਟਰ ਪਾਰਕ ਵਿਚ ਲਗਾਏ ਗਏ | ਇਸ ਮੌਕੇ ਸੁਰਿੰਦਰ ਕੁਮਾਰ, ਸੁਰਜੀਤ ਸਿੰਘ ਦੀਦਾਰੇ ਵਾਲੇ, ਮਨਜੀਤ ਕੌਰ, ਸਰਬਜੀਤ ਕੌਰ, ਨਿਸ਼ਾ, ਗੁਰਮੀਤ ਕੌਰ, ਨਵਦੀਪ ਕੌਰ ਸਮੇਤ ਵੱਡੀ ਗਿਣਤੀ ਔਰਤਾਂ ਨੇ ਸ਼ਮੂਲੀਅਤ ਕੀਤੀ |