ਮੋਗਾ, 24 ਫਰਵਰੀ (ਸੁਰਿੰਦਰਪਾਲ ਸਿੰਘ)-ਅੱਜ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਵਾਰਡ ਨੰਬਰ 6 ਅਧੀਨ ਆਉਂਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ 10 ਕੱਚੀਆਂ ਗਲੀਆਂ ਵਿਚ 49 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲਾਂ ਲਗਾਉਣ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ | ਇਸ ਮੌਕੇ ਨਗਰ ਨਿਗਮ ਦੇ ਮੇਅਰ ਪ੍ਰਵੀਨ ਕੁਮਾਰ ਸ਼ਰਮਾ, ਕੌਂਸਲਰ ਅਰਵਿੰਦਰ ਸਿੰਘ ਹੈਪੀ ਕਾਨਪੁਰੀਆ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਪਿਆਰਾ ਸਿੰਘ ਬੱਧਨੀ, ਕੌਂਸਲਰ ਜਗਦੀਪ ਸਿੰਘ ਦਮਨ, ਵਾਰਡ ਨਿਵਾਸੀਆਂ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਸਮੇਤ ਮੌਜੂਦ ਸਨ | ਇਸ ਮੌਕੇ ਹਲਕਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਵਾਰਡ ਨੰਬਰ 6 ਦੀਆਂ ਗਲੀਆਂ ਲੰਬੇ ਸਮੇਂ ਤੋਂ ਕੱਚੀਆਂ ਪਈਆਂ ਸਨ, ਜਿਸ ਕਾਰਨ ਆਉਣ ਜਾਣ ਵਿਚ ਕਾਫ਼ੀ ਮੁਸ਼ਕਿਲਾਂ ਆ ਰਹੀਆਂ ਸਨ | ਵਾਰਡ ਕੌਂਸਲਰ ਨੇ ਇਹ ਮੁੱਦਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ | ਇਸ ਤੋਂ ਬਾਅਦ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ 49 ਲੱਖ ਦੀ ਲਾਗਤ ਨਾਲ 10 ਕੱਚੀਆਂ ਗਲੀਆਂ 'ਤੇ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਹੈ | ਉਨ੍ਹਾਂ ਕਿਹਾ ਕਿ ਇੰਟਰਲਾਕਿੰਗ ਟਾਈਲਾਂ ਲਗਾਉਣ ਨਾਲ ਇਲਾਕੇ ਦੀ ਹਾਲਤ ਵਿਚ ਸੁਧਾਰ ਹੋਵੇਗਾ ਅਤੇ ਵਸਨੀਕਾਂ ਨੂੰ ਸੁਵਿਧਾਜਨਕ ਪਹੁੰਚ ਮਿਲੇਗੀ | ਉਨ੍ਹਾਂ ਕਿਹਾ ਕਿ ਵਿਕਾਸ ਕਾਰਜ ਤੇਜ਼ੀ ਨਾਲ ਜਾਰੀ ਰਹਿਣਗੇ | ਇਸ ਮੌਕੇ ਕੌਂਸਲਰ ਅਰਵਿੰਦਰ ਸਿੰਘ ਕਾਨਪੁਰੀਆ ਅਤੇ ਵਾਰਡ ਨਿਵਾਸੀਆਂ ਨੇ ਹਲਕਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਅਤੇ ਨਗਰ ਨਿਗਮ ਦੇ ਮੇਅਰ ਪ੍ਰਵੀਨ ਕੁਮਾਰ ਸ਼ਰਮਾ ਦਾ ਵਾਰਡ ਦੇ ਵਿਕਾਸ ਕਾਰਜ ਸ਼ੁਰੂ ਕਰਨ ਲਈ ਧੰਨਵਾਦ ਕੀਤਾ |