ਨਿਹਾਲ ਸਿੰਘ ਵਾਲਾ, 24 ਜਨਵਰੀ ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਡੀ.ਜੀ.ਪੀ. ਪੰਜਾਬ ਅਤੇ ਐਸ.ਐਸ.ਪੀ. ਮੋਗਾ ਵਲੋਂ ਆਮ ਜਨਤਾ ਦੇ ਜਾਨ ਮਾਲ ਦੀ ਹਿਫ਼ਾਜ਼ਤ ਕਰਨ ਅਤੇ ਭੈ ਮੁਕਤ ਪ੍ਰਸ਼ਾਸਨ ਦੇਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ ਜਿਨ੍ਹਾਂ ਦੀ ਪਾਲਣਾ ਹਿਤ ਮੁੱਖ ਅਫ਼ਸਰ ਐਸ.ਐਚ.ਓ. ਥਾਣਾ ਨਿਹਾਲ ਸਿੰਘ ਵਾਲਾ ਪੂਰਨ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਥਾਣਾ ਅਧੀਨ ਪੈਂਦੀਆਂ ਦੋਵਾਂ ਚੌਂਕੀਆਂ ਦੇ ਇੰਚਾਰਜ ਅਤੇ ਥਾਣੇ ਦੀ ਸਾਰੀ ਫੋਰਸ ਨਾਲ ਇਲਾਕੇ ਵਿਚ ਪੂਰੀ ਚੌਕਸੀ ਨਾਲ ਸੇਵਾਵਾਂ ਨਿਭਾ ਰਹੇ ਹਨ | ਕਸਬਾ ਨਿਹਾਲ ਸਿੰਘ ਵਾਲਾ, ਬਿਲਾਸਪੁਰ ਅਤੇ ਦਿਹਾਤੀ ਇਲਾਕੇ ਵਿਚ ਨਾਕਾ ਬੰਦੀਆਂ ਅਤੇ ਗਸ਼ਤਾਂ ਰਾਹੀਂ ਹਰ ਤਰ੍ਹਾਂ ਦੇ ਵਹੀਕਲ ਅਤੇ ਰਾਹਗੀਰਾਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ | ਅੱਜ ਕੱਲ੍ਹ ਸਕੂਲਾਂ ਕਾਲਜਾਂ ਵਿਚ ਪੜ੍ਹਦੇ ਪਾੜ੍ਹੇ ਅਤੇ ਨੌਜਵਾਨਾਂ ਵਿਚ ਮੋਟਰਸਾਈਕਲਾਂ 'ਤੇ ਪਟਾਕੇ ਮਾਰਨ ਦਾ ਜੋ ਰੁਝਾਨ ਹੈ, ਦੀ ਰੋਕਥਾਮ ਲਈ ਸਕੂਲਾਂ ਦੇ ਮੂਹਰੇ ਨਾਕਾਬੰਦੀ ਕਰ ਦਿੱਤੀ ਗਈ ਹੈ, ਅਜਿਹੇ ਮਨਚਲੇ ਤੇ ਪੜ੍ਹਾਕੂਆਂ ਨੂੰ ਜਿੱਥੇ ਕਾਨੂੰਨ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ, ਉੱਥੇ ਉਨ੍ਹਾਂ ਦੇ ਭਵਿੱਖ ਨੂੰ ਮੱਦੇਨਜ਼ਰ ਰੱਖਦਿਆਂ ਸਿੱਖਿਆ ਦਾਇਕ ਲੈਕਚਰ ਰਾਹੀਂ ਨਿਯਮਾਂ ਦੀ ਪਾਲਣਾ ਕਰਨੀ ਸਿਖਾਈ ਜਾ ਰਹੀ ਹੈ | ਐਸ.ਐਚ.ਓ. ਪੂਰਨ ਸਿੰਘ ਧਾਲੀਵਾਲ ਨੇ ਕਿਹਾ ਕਿ ਹਰ ਮਾੜੇ ਅਨਸਰ ਪਰ ਕਰੜੀ ਨਿਗਰਾਨੀ ਰੱਖ ਕੇ ਕਾਨੰੂਨੀ ਕਾਰਵਾਈ ਕੀਤੀ ਜਾ ਰਹੀ ਹੈ | ਇਸ ਮੌਕੇ ਗੁਰਤੇਜ ਸਿੰਘ ਬਰਾੜ ਮੁੱਖ ਮੁਨਸ਼ੀ, ਚੌਂਕੀ ਇੰਚਾਰਜ ਜਸਵੰਤ ਸਿੰਘ ਸਰਾਂ, ਚੌਂਕੀ ਇੰਚਾਰਜ ਰਣਜੀਤ ਸਿੰਘ ਢੀਂਡਸਾ, ਰੀਡਰ ਸੰਦੀਪ ਸਿੰਘ, ਸਹਾਇਕ ਥਾਣੇਦਾਰ ਜਸਪਾਲ ਸਿੰਘ, ਸਹਾਇਕ ਥਾਣੇਦਾਰ ਕੁਲਦੀਪ ਸਿੰਘ, ਥਾਣੇਦਾਰ ਗੁਰਦੀਪ ਸਿੰਘ, ਹੌਲਦਾਰ ਕੁਲਵਿੰਦਰ ਸਿੰਘ ਆਦਿ ਮੌਜੂਦ ਸਨ |