ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਦੀਆਂ ਸਰਕਾਰੀ ਆਈ.ਟੀ. ਆਈਜ਼ ਵਿਚ ਕੰਮ ਕਰਦੇ 700 ਕੱਚੇ ਇੰਸਟਰਕਟਰਾਂ ਨੇ ਮੁੱਖ ਮੰਤਰੀ ਦੀ ਕੋਠੀ ਅਤੇ ਬਾਕੀ ਕੈਬਨਿਟ ਮੰਤਰੀਆਂ ਦੀਆਂ ਕੋਠੀਆਂ ਦਾ ਘਿਰਾਓ ਕਰਨ ਲਈ ਰੋਡ ਮੈਪ ਤਿਆਰ ਕਰ ਲਿਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਬੰਦੀ ਦੇ ਜ਼ਿਲ੍ਹਾ ਮੋਗਾ ਦੀਆਂ ਆਗੂ ਸਰਬਜੀਤ ਕੌਰ ਤੇ ਕੁਲਜੀਤ ਕੌਰ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਤਰਨਤਾਰਨ ਪੱਕਾ ਮੋਰਚੇ ਲਗਾਇਆ ਸੀ, ਫਿਰ ਸੁਨਾਮ ਧਰਨਾ ਦਿੱਤਾ ਅਤੇ ਹੁਣ ਤਕਨੀਕੀ ਸਿੱਖਿਆ ਵਿਭਾਗ ਸੈਕਟਰ 36 ਏ ਚੰਡੀਗੜ੍ਹ ਵਿਖੇ ਮਿਤੀ 22 ਦਸੰਬਰ 2025 ਤੋਂ ਪੱਕਾ ਮੋਰਚਾ ਚੱਲ ਰਿਹਾ ਹੈ ਅਤੇ 37 ਦਿਨਾਂ ਤੋਂ ਭੁੱਖ ਹੜਤਾਲ ਚੱਲ ਰਹੀ ਹੈ | ਪ੍ਰੰਤੂ ਅਫ਼ਸੋਸ ਦੀ ਗੱਲ ਕਿ ਪੰਜਾਬ ਸਰਕਾਰ ਤਿੰਨ ਵਾਰ ਗੱਲਬਾਤ ਤੋਂ ਭੱਜ ਗਈ ਹੈ | ਜਿਸ ਤੋਂ ਜਾਪਦਾ ਹੈ ਕਿ ਸਰਕਾਰ ਮੁਲਾਜ਼ਮਾਂ ਦੀ ਮੰਗਾਂ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ ਹੈ | ਜਿਸ ਦੇ ਰੋਸ ਵਜੋਂ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਜਥੇਬੰਦੀ ਦੀ ਸੂਬਾ ਕਮੇਟੀ ਨੇ ਫ਼ੈਸਲਾ ਕੀਤਾ ਕਿ ਉਹ ਹੁਣ ਪੰਜਾਬ ਸਰਕਾਰ ਵਿਰੁੱਧ ਖੁੱਲ੍ਹ ਕੇ ਲੜਾਈ ਲੜਨਗੇ | ਜਥੇਬੰਦੀ ਦੇ ਰੋਡ ਮੈਪ ਅਨੁਸਾਰ ਜੇਕਰ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ ਉਹ ਮਿਤੀ : 16 ਮਾਰਚ ਤੋਂ 19 ਮਾਰਚ ਤੱਕ ਸੰਸਥਾਵਾਂ ਵਿਚ ਹਰ ਰੋਜ਼ ਗੇਟ ਰੈਲੀਆਂ ਕੀਤੀਆਂ ਜਾਣਗੀਆਂ, ਮਿਤੀ : 20 ਮਾਰਚ ਨੂੰ ਸੰਸਥਾਵਾਂ ਦੇ ਗੇਟ ਅੱਗੇ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ | ਜੇਕਰ ਫਿਰ ਵੀ ਪੰਜਾਬ ਸਰਕਾਰ ਹੱਲ ਨਹੀਂ ਕਰਦੀ ਤਾਂ ਮਿਤੀ : 23 ਮਾਰਚ ਤੋਂ 27 ਮਾਰਚ ਤੱਕ ਸੰਗਰੂਰ ਧਰਨੇ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਵਾਈਜ਼ ਮੀਟਿੰਗਾਂ ਕੀਤੀਆਂ ਜਾਣਗੀਆਂ | ਜਿਸ ਵਿਚ ਸੰਗਰੂਰ ਧਰਨੇ ਵਿਚ ਪੰਜਾਬ ਦੀਆਂ ਸਾਰੀਆਂ ਮੁਲਾਜ਼ਮ ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚੇ ਦੀਆਂ 32 ਜਥੇਬੰਦੀਆਂ, ਸਟੂਡੈਂਟ ਯੂਨੀਅਨਾਂ ਅਤੇ ਪਰਿਵਾਰਾਂ ਸਮੇਤ ਵੱਡਾ ਇਕੱਠ ਕਰਨ ਲਈ ਲਾਮਬੰਦ ਕੀਤਾ ਜਾਵੇਗਾ, ਮਿਤੀ : 28 ਮਾਰਚ ਨੂੰ ਸੰਗਰੂਰ ਵਿਖੇ ਪੱਕਾ ਮੋਰਚਾ ਸਿਰਫ਼ ਕਰਕੇ ਸੂਬਾ ਪੱਧਰੀ ਵੱਡਾ ਧਰਨਾ ਦੇ ਕੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ, 26 ਅਪ੍ਰੈਲ ਨੂੰ ਵਿੱਤ ਮੰਤਰੀ ਦੀ ਕੋਠੀ ਦਾ ਘਿਰਾਓ ਦਿੜ੍ਹਬਾ ਵਿਖੇ ਕੀਤਾ ਜਾਵੇਗਾ |