ਬਾਘਾ ਪੁਰਾਣਾ, 25 ਫਰਵਰੀ (ਗੁਰਮੀਤ ਸਿੰਘ ਮਾਣੂੰਕੇ)- ਕੌਮੀ ਕਿਸਾਨ ਯੂਨੀਅਨ ਦੀ ਪੰਜਾਬ ਪੱਧਰੀ ਮੀਟਿੰਗ ਪੰਜਾਬ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਦੀ ਅਗਵਾਈ 'ਚ ਬਲਾਕ ਦੇ ਪਿੰਡ ਆਲਮਵਾਲਾ ਵਿਖੇ ਹੋਈ | ਇਸ ਮੀਟਿੰਗ 'ਚ ਲੱਖਾ ਸ਼ਰਮਾ ਨੂੰ ਜਰਨਲ ਸਕੱਤਰ ਪੰਜਾਬ, ਗੁਰਚਰਨ ਸਿੰਘ ਸਭਰਾਂ ਨੂੰ ਸੀਨੀਅਰ ਮੀਤ ਪ੍ਰਧਾਨ ਪੰਜਾਬ, ਸ਼ਮਸ਼ੇਰ ਸਿੰਘ ਕਿੰਗਰਾ ਨੂੰ ਪ੍ਰੈੱਸ ਸਕੱਤਰ ਪੰਜਾਬ, ਜਸਕਰਨ ਸਿੰਘ ਸਰਾਂ ਨੂੰ ਖਜ਼ਾਨਚੀ ਪੰਜਾਬ, ਇਕਬਾਲ ਸਿੰਘ ਗਿੱਲ ਨੂੰ ਬਲਾਕ ਪ੍ਰਧਾਨ ਲੰਬੀ ਅਤੇ ਬਲਾਕ ਬਾਘਾ ਪੁਰਾਣਾ ਅਧੀਨ ਆਉਂਦੇ ਪਿੰਡ ਗੱਜਣ ਵਾਲਾ ਦੇ ਸਾਬਕਾ ਸਰਪੰਚ ਹਰਵਿੰਦਰ ਸਿੰਘ ਜਿੰਮੀ ਗੱਜਣਵਾਲਾ ਨੂੰ ਮੀਤ ਪ੍ਰਧਾਨ ਪੰਜਾਬ ਐਲਾਨਿਆ ਗਿਆ | ਇਸ ਮੀਟਿੰਗ 'ਚ ਕੌਮੀ ਕਿਸਾਨ ਯੂਨੀਅਨ ਦੇ ਸੂਬਾ ਆਗੂ, ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ, ਇਕਾਈ ਪ੍ਰਧਾਨ, ਵਕੀਲ ਭਾਈਚਾਰਾ, ਮਿਸਤਰੀ ਭਾਈਚਾਰਾ, ਆਰ.ਐਮ.ਪੀ. ਡਾਕਟਰ, ਮਜ਼ਦੂਰ ਭਾਈਚਾਰਾ, ਦੁਕਾਨਦਾਰ ਭਰਾਵਾਂ ਸਮੇਤ ਸੈਂਕੜੇ ਕਿਸਾਨ ਸ਼ਾਮਿਲ ਹੋਏ ਤੇ ਹਮੇਸ਼ਾ ਹੱਕੀ ਸੰਘਰਸ਼ ਲੜਨ ਲਈ ਕੌਮੀ ਕਿਸਾਨ ਯੂਨੀਅਨ ਨਾਲ ਮਿਲ ਕੇ ਚੱਲਣ ਲਈ ਕਿਰਤੀ ਵਰਗ ਦੀ ਵੱਡੀ ਲਾਮਬੰਦੀ ਕਰਨ ਦਾ ਐਲਾਨ ਕੀਤਾ ਗਿਆ | ਇਸ ਮੌਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਨਿਰੰਤਰ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਵਿਦਿਆਰਥੀ ਆਗੂਆਂ, ਬੁੱਧੀਜੀਵੀਆਂ ਤੇ ਬੰਦੀ ਸਿੰਘਾਂ 'ਤੇ ਕੀਤੇ ਜਾ ਰਹੇ ਜ਼ੁਲਮ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ | ਯੂਨੀਅਨ ਆਗੂਆਂ ਵਲੋਂ ਸਾਮਰਾਜਵਾਦੀ ਵਰਗੇ ਮਾੜੇ ਪ੍ਰਬੰਧਾਂ ਪ੍ਰਤੀ ਮੁਰਦਾਬਾਦ ਅਤੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਸਿਧਾਂਤ 'ਤੇ ਪਹਿਰਾ ਦਿੰਦੇ ਹੋਏ ਬਾਬਰ ਨੂੰ ਜਾਬਰ ਕਹਿਣ ਤੋਂ ਕਦੇ ਵੀ ਗੁਰੇਜ਼ ਨਾ ਕਰਨ ਦੀ ਵਚਨਬੱਧਤਾ ਦੁਹਰਾਈ ਗਈ | ਇਸ ਮੌਕੇ ਵੱਖ-ਵੱਖ ਜ਼ਿਲਿ੍ਹਆਂ ਤੋਂ ਵੱਡੀ ਗਿਣਤੀ 'ਚ ਯੂਨੀਅਨ ਮੈਂਬਰ ਹਾਜ਼ਰ ਸਨ |