ਮੋਗਾ, 26 ਫਰਵਰੀ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਭਾਸ਼ਾ ਅਫ਼ਸਰ ਮੋਗਾ ਡਾ. ਅਜੀਤਪਾਲ ਸਿੰਘ ਜਟਾਣਾ ਨੇ ਦੱਸਿਆ ਕਿ ਹਿੰਦੀ ਸਿੱਖਿਆ ਦੇ ਖੇਤਰ ਵਿਚ ਮਹੱਤਵਪੂਰਨ ਅਤੇ ਲਗਾਤਾਰ ਯੋਗਦਾਨ ਲਈ ਭਾਸ਼ਾ ਵਿਭਾਗ ਮੋਗਾ ਦੇ ਖੋਜ ਅਫ਼ਸਰ ਬਿਮਲ ਕੁਮਾਰ ਨੂੰ ਕਾਸ਼ੀ ਹਿੰਦੀ ਵਿਦਿਆ ਪੀਠ ਵਲੋਂ 'ਮਾਨਦ ਡਾਕਟਰੇਟ' (ਆਨਰੇਰੀ ਡਾਕਟਰੇਟ) ਦੀ ਉਪਾਧੀ ਨਾਲ ਸਨਮਾਨਿਤ ਕੀਤਾ | ਇਹ ਸਨਮਾਨ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਇਕ ਵਿਸ਼ਾਲ ਸਮਾਰੋਹ ਦੌਰਾਨ ਪ੍ਰਦਾਨ ਕੀਤਾ ਗਿਆ | ਇਸ ਸਮਾਰੋਹ ਵਿਚ ਕਾਸ਼ੀ ਹਿੰਦੀ ਵਿਦਿਆ ਪੀਠ ਦੇ ਕੁਲਪਤੀ, ਉੱਘੇ ਵਿਦਵਾਨ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਮਹਿਮਾਨ ਸ਼ਾਮਲ ਸਨ | ਡਾ. ਅਜੀਤਪਾਲ ਸਿੰਘ ਨੇ ਕਿਹਾ ਕਿ ਡਾ. ਬਿਮਲ ਕੁਮਾਰ ਨੇ ਹਿੰਦੀ ਸਿੱਖਿਆ ਦੇ ਪ੍ਰਸਾਰ ਅਤੇ ਸਭਿਆਚਾਰਕ ਮੁੱਲਾਂ ਦੀ ਸੁਰੱਖਿਆ ਲਈ ਲਗਾਤਾਰ ਅਤੇ ਪ੍ਰੇਰਣਾਦਾਇਕ ਕੰਮ ਕੀਤਾ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗ ਦਰਸ਼ਕ ਸਾਬਤ ਹੋਵੇਗਾ | ਡਾ. ਬਿਮਲ ਕੁਮਾਰ ਨੇ ਵਿਦਿਆ ਪੀਠ ਪ੍ਰਸ਼ਾਸਨ ਅਤੇ ਚੋਣ ਕਮੇਟੀ ਪ੍ਰਤੀ ਆਪਣਾ ਧੰਨਵਾਦ ਪ੍ਰਗਟ ਕੀਤਾ | ਉਨ੍ਹਾਂ ਕਿਹਾ ਕਿ ਇਹ ਉਪਾਧੀ ਉਨ੍ਹਾਂ ਲਈ ਸਿਰਫ਼ ਨਿੱਜੀ ਸਨਮਾਨ ਨਹੀਂ, ਸਗੋਂ ਸਮਾਜ ਅਤੇ ਹਿੰਦੀ ਸਿੱਖਿਆ ਪ੍ਰਤੀ ਹੋਰ ਵੱਧ ਜ਼ਿੰਮੇਵਾਰੀ ਨਿਭਾਉਣ ਦੀ ਪੇ੍ਰਰਨਾ ਹੈ | ਅਲੋਕ ਚਾਵਲਾ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ, ਰਮਨਦੀਪ ਕਪਿਲ ਹੈੱਡਮਾਸਟਰ, ਰਿਸ਼ੀ ਮਨਚੰਦਾ ਹੈੱਡਮਾਸਟਰ, ਰਾਹੁਲ ਗੋਇਲ ਸਾਇੰਸ ਮਾਸਟਰ, ਡਾ. ਦੀਪਕ ਕੁਮਾਰ, ਨਵਦੀਪ ਸਿੰਘ, ਚਿਮਨ ਲਾਲ ਨੇ ਡਾ. ਬਿਮਲ ਕੁਮਾਰ ਨੂੰ ਵਧਾਈ ਦਿੱਤੀ |