ਧਰਮਕੋਟ, 26 ਫਰਵਰੀ (ਪਰਮਜੀਤ ਸਿੰਘ)-ਟੀ.ਬੀ. ਮੁਕਤ ਭਾਰਤ ਅਭਿਆਨ ਦੇ ਤਹਿਤ ਕੋਟ ਈਸੇ ਖਾਂ ਬਲਾਕ ਜ਼ਿਲ੍ਹਾ ਮੋਗਾ ਵਿਖੇ ਸਥਿਤ ਆਯੁਸ਼ਮਾਨ ਆਰੋਗਿਆ ਕੇਂਦਰ ਰੇੜ੍ਹਵਾਂ 'ਚ ਹੈਂਡਹੈਲਡ ਐਕਸ-ਰੇ ਮਸ਼ੀਨ ਰਾਹੀਂ ਟੀ.ਬੀ. ਸਕਰੀਨਿੰਗ ਕੈਂਪ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ | ਇਹ ਕੈਂਪ ਸਿਵਲ ਸਰਜਨ ਮੋਗਾ ਡਾ. ਪ੍ਰਦੀਪ ਕੁਮਾਰ ਮਹਿੰਦਰਾ, ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਗੌਰਵਪ੍ਰੀਤ ਸਿੰਘ ਸੋਢੀ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਿਪੁਦਮਨ ਕੌਰ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ | ਇਸ ਪਹਿਲ ਦਾ ਮਕਸਦ ਪੋਰਟੇਬਲ ਐਕਸ-ਰੇ ਤਕਨਾਲੋਜੀ ਰਾਹੀਂ ਟੀ.ਬੀ. ਦੀ ਸ਼ੁਰੂਆਤੀ ਪਛਾਣ ਕਰਨਾ ਅਤੇ ''ਟੀ ਬੀ ਮੁਕਤ ਪੰਚਾਇਤ'' ਲਕਸ਼ ਨੂੰ ਮਜ਼ਬੂਤ ਕਰਨਾ ਸੀ ਤਾਂ ਜੋ ਪਿੰਡਾਂ ਅਤੇ ਉੱਚ ਜੋਖ਼ਮ ਵਾਲੀ ਆਬਾਦੀ ਨੂੰ ਸਮੇਂ ਸਿਰ ਜਾਂਚ ਦੀ ਸਹੂਲਤ ਮਿਲ ਸਕੇ | ਇਸ ਸਕਰੀਨਿੰਗ ਦੌਰਾਨ ਸ਼ੂਗਰ ਅਤੇ ਕੈਂਸਰ ਮਰੀਜ਼ਾਂ, 60 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਘੱਟ ਬੀ.ਐਮ.ਆਈ. ਵਾਲੇ ਲੋਕਾਂ ਅਤੇ ਟੀ.ਬੀ. ਸ਼ੱਕੀ ਮਰੀਜ਼ਾਂ ਦੀ ਜਾਂਚ ਕੀਤੀ ਗਈ | ਲਗਭਗ 100 ਲੋਕਾਂ ਨੇ ਕੈਂਪ ਵਿਚ ਭਾਗ ਲੈ ਕੇ ਛਾਤੀ ਦਾ ਐਕਸ-ਰੇ ਕਰਵਾਇਆ | ਕੈਂਪ ਦੀ ਸਫਲਤਾ ਵਿਚ ਐਸ.ਟੀ.ਐਸ. ਸੁੰਦਰਲਾਲ, ਰੇਡੀਓਲੋਜਿਸਟ ਗੁਰਸ਼ਰਨ ਸਿੰਘ, ਸੀ.ਐਚ.ਓ. ਗੁਰਵਿੰਦਰ ਸਿੰਘ, ਏ.ਐਨ.ਐਮ., ਆਸ਼ਾ ਵਰਕਰਾਂ, ਟੀ.ਬੀ. ਚੈਂਪੀਅਨ, ਸੁਧੀਰ ਸਿੰਘ ਜ਼ਿਲ੍ਹਾ ਲੀਡ ਇੰਪੈਕਟ ਇੰਡੀਆ ਪ੍ਰੋਜੈਕਟ ਅਤੇ ਕਮਿਊਨਿਟੀ ਕੋਆਰਡੀਨੇਟਰ ਮੰਗਲ ਕੁਮਾਰ ਦਾ ਮਹੱਤਵਪੂਰਨ ਯੋਗਦਾਨ ਰਿਹਾ | ਇਹ ਪਹਿਲ ਟੀ.ਬੀ. ਮੁਕਤ ਪੰਚਾਇਤ ਅਤੇ ਟੀ.ਬੀ. ਮੁਕਤ ਭਾਰਤ ਦੇ ਲਕਸ਼ ਨੂੰ ਹਾਸਲ ਕਰਨ ਵੱਲ ਇਕ ਅਹਿਮ ਕਦਮ ਸਾਬਤ ਹੋਈ |