ਸਮਾਲਸਰ, 8 ਮਾਰਚ (ਗੁਰਜੰਟ ਕਲਸੀ ਲੰਡੇ)-ਮੈਸ਼ੀਅਨ ਵਿਦਿਆਰਥੀਆਂ 'ਚ ਕੌਸ਼ਲ, ਵਿਕਾਸ, ਆਤਮਵਿਸ਼ਵਾਸ ਤੇ ਸਫ਼ਲ ਜੀਵਨ ਜਿਊਣ ਦੇ ਮੂਲ ਮੰਤਰਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਭਾਰਤੀ ਫੌਜ ਦੇ ਉੱਚ ਅਧਿਕਾਰੀਆਂ ਵਲੋਂ ਪ੍ਰੇਰਣਾਦਾਇਕ ਵਿਸਥਾਰਤ ਭਾਸ਼ਣ ਸੈਸ਼ਨ ਦਾ ਆਯੋਜਨ ਮੇਜਰ ਅਜਾਇਬ ਸਿੰਘ ਸਕੂਲ ਜੀਵਣ ਵਾਲਾ ਵਿਖੇ ਹੋਇਆ | ਉਨ੍ਹਾਂ ਨੇ ਆਪਣੇ ਜੀਵਨ ਅਨੁਭਵ ਸਾਂਝੇ ਕਰਦਿਆਂ ਚੰਗਾ ਤੇ ਮਕਸਦ ਭਰਪੂਰ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ | ਕਰਨਲ ਸੰਤੋਸ਼ ਕੁਮਾਰ (ਉਪ ਪ੍ਰਧਾਨ ਹੁਨਰ ਵਿਕਾਸ ਨੈੱਟਵਰਕ ਭਾਰਤ ਸਰਕਾਰ) ਨੇ ਸੰਚਾਰ ਕੁਸ਼ਲਤਾ, ਲੀਡਰਸ਼ਿਪ ਕੁਸ਼ਲਤਾ, ਪ੍ਰਬੰਧਕੀ ਕੁਸ਼ਲਤਾ, ਤਕਨਾਲੋਜੀ ਗਿਆਨ, ਈ-ਸ਼ਾਖਰਤਾ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ | ਬਿ੍ਗੇਡੀਅਰ ਵਿਕਾਸ ਪੁਰੀ (ਪ੍ਰਸਿੱਧ ਨਿਵੇਸ਼ ਸਲਾਹਕਾਰ) ਨੇ ਵੀ ਨੌਜਵਾਨ ਵਰਗ ਨੂੰ ਉੱਚੇ ਜੀਵਨ ਟੀਚੇ ਮਿਥਣ, ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਰਹਿਣ ਤੇ ਸਿੱਖਿਆ ਦੇ ਨਾਲ-ਨਾਲ ਹੱਥਾਂ ਦੇ ਹੁਨਰ ਨੂੰ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ | ਮੇਜਰ ਜਨਰਲ ਡਾ. ਮਨੋਜ ਕੁਮਾਰ (ਐਸ.ਐਮ., ਵੀ.ਐਸ.ਐਮ. ਸਾਬਕਾ ਡਾਇਰੈਕਟਰ ਸਟਰੈਟੇਜਿਕ ਪ੍ਰੋਗਰਾਮ ਸਟਾਫ ਪ੍ਰਧਾਨ ਮੰਤਰੀ ਦਫ਼ਤਰ) ਨੇ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਵੇਖਣ, ਸੋਸ਼ਲ ਮੀਡੀਆ ਤੋਂ ਦੂਰ ਰਹਿਣ, ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਦਿਆਂ ਦੇਸ਼ ਭਗਤੀ ਦੀ ਭਾਵਨਾ ਭਰ ਦਿੱਤੀ | ਸੰਸਥਾ ਮੁਖੀ ਡਾ. ਐਸ.ਐਸ. ਬਰਾੜ ਨੇ ਸਮੂਹ ਬੁਲਾਰਿਆਂ ਦਾ ਧੰਨਵਾਦ ਕੀਤਾ |