ਮੋਗਾ, 9 ਮਾਰਚ (ਸੁਰਿੰਦਰਪਾਲ ਸਿੰਘ)-ਦਸਮੇਸ਼ ਪਾਰਕ ਮੋਗਾ ਵਿਖੇ ਪੰਜਾਬੀ ਲੇਖਕਾ ਗੁਰਸ਼ਰਨ ਕੌਰ ਮੋਗਾ ਦੀ ਪਹਿਲਕਦਮੀ ਨਾਲ ਕੌਮਾਂਤਰੀ ਔਰਤ ਦਿਵਸ ਦਸਮੇਸ਼ ਨਗਰ ਤੇ ਨੇੜਲੇ ਇਲਾਕਿਆਂ ਦੀਆਂ ਵੱਡੀ ਗਿਣਤੀ ਵਿਚ ਪਹੁੰਚੀਆਂ ਔਰਤਾਂ ਨੇ ਉਤਸ਼ਾਹ ਨਾਲ ਮਨਾਇਆ ਗਿਆ | ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਗੁਰਸ਼ਰਨ ਕੌਰ ਮੋਗਾ ਨੇ ਕਿਹਾ ਕਿ ਅੱਜ ਵੀ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਵਿਚ ਔਰਤਾਂ ਨੂੰ ਦਬਾਅ ਕੇ ਤੇ ਪਰਦੇ ਵਿਚ ਰੱਖਿਆ ਜਾਂਦਾ ਹੈ | ਅਫ਼ਗਾਨਿਸਤਾਨ, ਈਰਾਨ ਤੇ ਕੁਝ ਹੋਰਨਾਂ ਮੁਲਕਾਂ ਵਿਚ ਲੜਕੀਆਂ ਨੂੰ ਸਕੂਲਾਂ ਵਿਚ ਪੜ੍ਹਨ ਦੀ ਆਗਿਆ ਨਹੀਂ ਹੈ ਤੇ ਸਖ਼ਤ ਮਰਦ ਗ਼ੁਲਾਮੀ ਦਾ ਨਰਕੀ ਜੀਵਨ ਜਿਊਣਾ ਪੈਂਦਾ ਹੈ | ਭਾਰਤ ਵਿਚ ਵੀ ਪਹਿਲਾਂ ਮੰਨੂ ਸਿਮਰਤੀ ਦੇ ਪ੍ਰਭਾਵ ਹੇਠ ਪਤੀ ਦੀ ਮੌਤ ਬਾਅਦ ਪਤਨੀ ਨੂੰ ਸਤੀ ਕਰ ਦਿੱਤਾ ਜਾਂਦਾ ਸੀ | ਹੁਣ ਵੀ ਬਹੁਤ ਸਾਰੇ ਖੇਤਰਾਂ ਵਿਚ ਔਰਤਾਂ ਤੋਂ ਬਹੁਤ ਸਖ਼ਤ ਮਿਹਨਤ ਕਰਵਾ ਕੇ ਦਿਹਾੜੀ ਬਹੁਤ ਘੱਟ ਦਿੱਤੀ ਜਾਂਦੀ ਹੈ | ਸੂਬਾ ਤੇ ਕੇਂਦਰ ਸਰਕਾਰ ਔਰਤਾਂ ਦੀ ਸਮਾਜਿਕ ਸੁਰੱਖਿਆ ਕਰਨ ਵਿਚ ਫ਼ੇਲ੍ਹ ਸਾਬਤ ਹੋ ਰਹੀਆਂ ਹਨ | ਮੈਡਮ ਦਵਿੰਦਰ ਕੌਰ ਸੰਧੂ ਨੇ ਸਮਾਜ ਵਿਚ ਮਾਂ ਦੇ ਰੋਲ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਇਕ ਨੌਜਵਾਨ ਲੜਕੀ ਨੇ ਔਰਤਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਬਹੁਤ ਹੀ ਭਾਵਪੂਰਤ ਕਵਿਤਾ ਬੋਲੀ | ਮਨਜੀਤ ਕੌਰ, ਸਰਸਵਤੀ ਦੇਵੀ, ਸਰਬਜੀਤ ਕੌਰ, ਕਮਲਜੀਤ ਕੌਰ, ਮੁਖ਼ਤਿਆਰ ਕੌਰ, ਇੰਦਰਜੀਤ ਕੌਰ, ਕੁਲਵੰਤ ਕੌਰ, ਬਲਵੀਰ ਕੌਰ, ਰਾਜਵਿੰਦਰ ਕੌਰ, ਚਰਨਜੀਤ ਕੌਰ ਸਮੇਤ ਹੋਰ ਬਹੁਤ ਸਾਰੀਆਂ ਔਰਤਾਂ ਨੇ ਭਰਵੀਂ ਸ਼ਮੂਲੀਅਤ ਕਰਦਿਆਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ | ਸਾਹਿਤਕ ਮੁਕਾਬਲੇ ਵੀ ਕਰਵਾਏ ਗਏ | ਅਗਲੇ ਸਾਲ ਹੋਰ ਵੀ ਤਿਆਰੀ ਨਾਲ ਦਿਨ ਮਨਾਉਣ ਦੇ ਐਲਾਨ ਨਾਲ ਸਮਾਪਤੀ ਕੀਤੀ ਗਈ |