ਠੱਠੀ ਭਾਈ, 10 ਮਾਰਚ (ਜਗਰੂਪ ਸਿੰਘ ਮਠਾੜੂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 12 ਮਾਰਚ ਨੂੰ ਮੋਗਾ ਜ਼ਿਲੇ੍ਹ ਦੇ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੀ ਨਵੀਂ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਨੂੰ ਲੈ ਕੇ ਪਾਰਟੀ ਆਗੂਆਂ ਵਲੋਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ | ਇਸ ਸਬੰਧੀ ਬੀਬੀ ਸ਼ਿੰਦਰਪਾਲ ਕੌਰ ਥਰਾਜ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੋਗਾ ਤੇ ਸਰਕਲ ਥਰਾਜ ਦੇ ਪ੍ਰਧਾਨ ਇਕੱਤਰ ਸਿੰਘ ਬਰਾੜ ਨੇ ਇਲਾਕੇ ਦੇ ਲੋਕਾਂ ਨੂੰ ਵੱਡੀ ਗਿਣਤੀ 'ਚ ਰੈਲੀ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ | ਆਗੂਆਂ ਨੇ ਕਿਹਾ ਕਿ ਇਹ ਵਿਸ਼ਾਲ ਰੈਲੀ ਹਲਕਾ ਬਾਘਾ ਪੁਰਾਣਾ ਦੇ ਮੁੱਖ ਸੇਵਾਦਾਰ ਜਥੇਦਾਰ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਹੈ, ਜਿਸ 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਾਸ ਤੌਰ 'ਤੇ ਸ਼ਿਰਕਤ ਕਰਕੇ ਪੰਜਾਬ ਤੇ ਕਿਸਾਨਾਂ ਨਾਲ ਜੁੜੇ ਮੁੱਦਿਆਂ 'ਤੇ ਸੰਬੋਧਨ ਕਰਨਗੇ | ਉਨ੍ਹਾਂ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਮੋਰਚੇ 'ਤੇ ਨਾਕਾਮ ਸਾਬਤ ਹੋਈ ਹੈ ਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਪੂਰੀ ਤਰ੍ਹਾਂ ਫ਼ੇਲ੍ਹ ਰਹੀ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਕਾਨੰੂਨ-ਵਿਵਸਥਾ ਦੀ ਸਥਿਤੀ ਵੀ ਲਗਾਤਾਰ ਖ਼ਰਾਬ ਹੋ ਰਹੀ ਹੈ ਅਤੇ ਕਿਸਾਨਾਂ, ਵਪਾਰੀਆਂ ਅਤੇ ਨੌਜਵਾਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸ਼ਿੰਦਰਪਾਲ ਕੌਰ ਥਰਾਜ ਅਤੇ ਇਕੱਤਰ ਸਿੰਘ ਬਰਾੜ ਨੇ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀਆਂ ਨਕਾਰੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਵੱਲ ਉਮੀਦ ਨਾਲ ਦੇਖ ਰਹੇ ਹਨ | ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿਚ 12 ਮਾਰਚ ਨੂੰ ਬਾਘਾ ਪੁਰਾਣਾ ਦੀ ਨਵੀਂ ਦਾਣਾ ਮੰਡੀ ਵਿਚ ਪਹੁੰਚ ਕੇ ਰੈਲੀ ਨੂੰ ਕਾਮਯਾਬ ਬਣਾਉਣ ਤੇ ਪੰਜਾਬ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰਨ |