ਬਾਘਾ ਪੁਰਾਣਾ, 11 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਦੇਸ਼ ਦੇ ਵਿੱਤ ਮੰਤਰੀ ਅਮਿਤ ਸ਼ਾਹ ਦੀ ਮੋਗਾ ਦੇ ਕਿਲੀ ਚਾਹਲਾਂ ਵਿਖੇ ਰੈਲੀ ਨੂੰ ਲੈ ਕੇ ਭਾਜਪਾ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਮੋਗਾ ਵਿਖੇ ਪਹੁੰਚ ਕੇ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਹਨ | ਇਸੇ ਕੜੀ ਤਹਿਤ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈ ਇੰਦਰ ਕੌਰ ਮੋਗਾ ਵਿਖੇ ਵਰਕਰਾਂ ਨਾਲ ਵਿਚਾਰਾਂ ਕਰਨ ਉਪਰੰਤ ਮਹਾਰਾਣੀ ਪ੍ਰਨੀਤ ਕੌਰ ਸਾਬਕਾ ਸੰਸਦ ਮੈਂਬਰ ਨਾਲ ਬਤੌਰ ਪੀ.ਐਸ.ਓ. (ਪਰਸਨਲ ਸਕਿਉਰਿਟੀ ਅਫ਼ਸਰ) ਬਿਕਰਮਜੀਤ ਸਿੰਘ ਬਰਾੜ (ਵਿੱਕੀ) ਹੌਲਦਾਰ ਪੋਤਾ ਸ੍ਰ. ਜੁਗਰਾਜ ਸਿੰਘ ਡੇਅਰੀ ਵਾਲੇ ਦੇ ਗ੍ਰਹਿ ਬਾਘਾ ਪੁਰਾਣਾ ਹਲਕੇ ਦੇ ਨੇੜਲੇ ਪਿੰਡ ਚੰਨੂਵਾਲਾ ਵਿਖੇ ਉਚੇਚੇ ਤੌਰ 'ਤੇ ਨਿੱਜੀ ਰੂਪ ਵਿਚ ਪਰਿਵਾਰ ਨੂੰ ਮਿਲਣ ਲਈ ਪਹੁੰਚੇ | ਇਸ ਮੌਕੇ ਪਰਿਵਾਰ ਤੇ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਬੀਬਾ ਜੈ ਇੰਦਰ ਕੌਰ ਨੇ ਜਿੱਥੇ ਬਿਕਰਮਜੀਤ ਸਿੰਘ ਦੇ ਪਰਿਵਾਰ ਅਤੇ ਸਕੇ-ਸੰਬੰਧੀਆਂ ਨਾਲ ਯਾਦਗਾਰੀ ਤਸਵੀਰਾਂ ਕਰਵਾਈਆਂ ਉੱਥੇ ਉਨ੍ਹਾਂ ਨਾਲ ਗੱਲਾਂ-ਬਾਤਾਂ ਕਰਦਿਆਂ ਉਨ੍ਹਾਂ ਦੇ ਵਿਚਾਰ ਸੁਣੇ ਅਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ | ਜੈ ਇੰਦਰ ਕੌਰ ਨੇ ਕਿਹਾ ਕਿ ਬਿਕਰਮਜੀਤ ਸਿੰਘ ਬਹੁਤ ਹੀ ਕਾਬਿਲ, ਇਮਾਨਦਾਰ ਅਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਵਾਲਾ ਨੌਜਵਾਨ ਹੈ, ਜੋ ਕਿ ਸਾਡੇ ਨਾਲ ਪਿਛਲੇ 7-8 ਸਾਲਾਂ ਤੋਂ ਲਗਾਤਾਰ ਨੌਕਰੀ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਪਰਿਵਾਰ ਨੂੰ ਮਿਲ ਕੇ ਬਹੁਤ ਹੀ ਖ਼ੁਸ਼ੀ ਹੋਈ ਅਤੇ ਹੁਣ ਤੱਕ ਦੀਆਂ ਨਿੱਜੀ ਮਿਲਣੀਆਂ ਵਿਚੋਂ ਇਹ ਸਭ ਤੋਂ ਯਾਦਗਾਰੀ ਮਿਲਣੀ ਰਹੀ ਹੈ | ਇਸ ਮੌਕੇ ਬਲਜੀਤ ਸਿੰਘ, ਅਮਰਜੀਤ ਸਿੰਘ ਬਰਾੜ ਸਹਾਇਕ ਥਾਣੇਦਾਰ, ਹੌਲਦਾਰ ਰੁਪਿੰਦਰ ਸਿੰਘ, ਨੱਥਾ ਸਿੰਘ, ਛਿੰਦਰਪਾਲ ਕੌਰ, ਸਵਰਜੀਤ ਕੌਰ, ਅਨੂਪ ਕੌਰ, ਗੁਰਸ਼ਰਨ ਕੌਰ, ਪਿ੍ਥੀ ਸਿੰਘ, ਕੁਲਦੀਪ ਸਿੰਘ, ਦਰਸ਼ਨਾ ਕੌਰ, ਦਲਜੀਤ ਸਿੰਘ (ਜੀਤਾ) ਆਦਿ ਹਾਜ਼ਰ ਸਨ |