ਮੋਗਾ, 11 ਮਾਰਚ (ਗੁਰਤੇਜ ਸਿੰਘ ਬੱਬੀ)-ਬੀਤੀ ਦੇਰ ਸ਼ਾਮ ਸਥਾਨਕ ਸ਼ਹਿਰ ਦੀ ਤਿੰਨ ਨੰਬਰ ਚੁੰਗੀ ਕੋਟਕਪੂਰਾ ਬਾਈਪਾਸ ਨੇੜੇ ਕਾਲੀ ਮਾਤਾ ਮੰਦਰ ਕੋਲ ਮੋਗਾ ਦੇ ਵੇਦਾਂਤ ਨਗਰ ਦੇ ਰਹਿਣ ਵਾਲੇ ਇਕ ਨੌਜਵਾਨ ਕੁਲਜੀਤ ਸਿੰਘ ਤੇ ਉਸ ਵਕਤ ਕਿਸੇ ਕਾਰ ਸਵਾਰ ਅਣਪਛਾਤਿਆਂ ਨੇ ਗੋਲੀਆਂ ਚਲਾ ਦਿੱਤੀਆਂ ਜਦੋਂ ਉਹ ਆਪਣੀ ਕਾਰ 'ਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ | ਕੁਲਜੀਤ ਸਿੰਘ ਦੇ ਇਕ ਗੋਲੀ ਲੱਤ ਵਿਚ ਲੱਗੀ ਅਤੇ ਇਲਾਜ ਲਈ ਜ਼ਖਮੀ ਹਾਲਤ ਵਿਚ ਉਸ ਨੂੰ ਸਿਵਲ ਹਸਪਤਾਲ ਮੋਗਾ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਡੀ.ਐਮ.ਸੀ. ਹਸਪਤਾਲ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਜਿੱਥੇ ਉਹ ਜੇਰੇ ਇਲਾਜ ਹੈ | ਮੌਕੇ 'ਤੇ ਪੁੱਜੇ ਡੀ.ਐਸ.ਪੀ. ਸਿਟੀ ਗੁਰਪ੍ਰੀਤ ਸਿੰਘ ਸਰਾਂ ਨੇ ਦੱਸਿਆ ਕਿ ਇਹ ਆਪਸੀ ਰੰਜਸ਼ ਦਾ ਮਾਮਲਾ ਹੈ, ਤੇ ਦੋਸ਼ੀਆਂ ਨੂੰ ਜਲਦ ਹੀ ਟਰੇਸ ਕਰਕੇ ਕਾਬੂ ਕਰ ਲਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਗੋਲੀ ਚਲਾਉਣ ਵਾਲੇ ਨੌਜਵਾਨਾਂ ਦੀ ਗਿਣਤੀ ਤਿੰਨ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਪੁਲਿਸ ਇਸ ਦੀ ਜਾਂਚ ਵਿਚ ਲੱਗੀ ਹੋਈ ਹੈ ਅਤੇ ਦੋਸ਼ੀ ਬਖ਼ਸ਼ੇ ਨਹੀਂ ਜਾਣਗੇ |