ਮੋਗਾ, 27 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਬੀਤੀ 17 ਮਾਰਚ ਨੂੰ ਬਲਾਕ ਸੰਮਤੀ ਚੋਣ ਬਾਘਾ ਪੁਰਾਣਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਬਲਾਕ ਸੰਮਤੀ ਮੈਂਬਰਾਂ ਨਾਲ ਸੱਤਾਧਾਰੀ ਸਰਕਾਰ ਦੇ ਵਿਧਾਇਕ ਵਲੋਂ ਕਥਿਤ ਧੱਕੇਸ਼ਾਹੀ ਨਾਲ ਆਪਣਾ ਬਹੁਮਤ ਨਾ ਹੁੰਦਿਆਂ ਹੋਇਆ 'ਆਪ' ਪਾਰਟੀ ਦਾ ਚੇਅਰਮੈਨ ਤੇ ਉਪ ਚੇਅਰਮੈਨ ਲਗਾ ਲਿਆ ਸੀ ਤੇ ਇਸ ਕਥਿਤ ਕੀਤੀ ਗਈ ਧੱਕੇਸ਼ਾਹੀ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਮਾਣਯੋਗ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ਤੇ ਮਾਣਯੋਗ ਅਦਾਲਤ ਨੇ ਪੇਸ਼ ਕੀਤੇ ਸਬੂਤਾਂ ਨੂੰ ਵੇਖਦੇ ਹੋਏ 17 ਮਾਰਚ ਦੀ ਚੋਣ ਨੂੰ ਅਸਲੋਂ ਰੱਦ ਕਰ ਦਿੱਤਾ ਸੀ ਜੋ ਕਿ ਇਹ ਚੋਣ ਅੱਜ 28 ਮਾਰਚ ਨੂੰ ਹੋਣ ਜਾ ਰਹੀ ਹੈ ਤੇ ਜਿੱਥੇ ਇਸ ਮਾਮਲੇ 'ਚ ਸੱਤਾਧਾਰੀ ਸਰਕਾਰ ਨੂੰ ਮੂੰਹ ਦੀ ਖਾਣੀ ਪਈ, ਉੱਥੇ ਨਗਰ ਨਿਗਮ ਮੋਗਾ ਦੀ ਗ਼ੈਰਕਾਨੰੂਨੀ ਢੰਗ ਨਾਲ ਕੀਤੀ ਵਾਰਡਬੰਦੀ ਵਿਚ ਵੀ ਉਨ੍ਹਾਂ ਦੀ ਹੋਈ ਕਿਰਕਰੀ ਹੋਈ ਸੀ ਤੇ ਜ਼ਿਲੇ੍ਹ ਦੀਆਂ ਇਨ੍ਹਾਂ ਦੋਹਾਂ ਘਟਨਾਵਾਂ ਨੇ ਸਾਬਤ ਕਰ ਦਿੱਤਾ ਕਿ 'ਆਪ' ਸਰਕਾਰ ਆਪ ਹੀ ਲੋਕਤੰਤਰ ਦਾ ਘਾਣ ਕਰ ਰਹੀ ਹੈ, ਪਰ ਉਨ੍ਹਾਂ ਦਾ ਇਹ ਧੱਕਾ ਸ਼੍ਰੋਮਣੀ ਅਕਾਲੀ ਦਲ ਬਰਦਾਸ਼ਤ ਨਹੀਂ ਕਰੇਗਾ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਹਰੇਕ ਖੇਤਰ ਵਿਚ ਮੂੰਹ ਦੀ ਖਾਧੀ ਹੈ, ਕਿਉਂਕਿ ਜਿੰਨਾਂ ਧੱਕਾ ਸਰਕਾਰ ਨੇ ਲੋਕਾਂ ਨਾਲ਼ ਕੀਤਾ ਹੈ, ਉਨ੍ਹਾਂ ਦੇ ਕੀਤੇ ਧੱਕੇ ਦਾ ਜਵਾਬ 2027 ਦੀਆਂ ਚੋਣਾਂ ਵਿਚ ਦੇਣਗੇ ਅਤੇ ਆਪ ਸਰਕਾਰ ਨੂੰ ਚੱਲਦਾ ਕਰਕੇ ਲੋਕ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣਗੇ |