ਮੋਗਾ, 28 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਕੇਂਦਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇਸ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਹੁਣ ਸਰਕਾਰ ਨੇ ਤੇਲ ਕੰਪਨੀਆਂ ਨੂੰ ਰਾਹਤ ਦਿੰਦਿਆਂ ਪੈਟਰੋਲ ਤੇ ਐਕਸਾਈਜ਼ ਡਿਊਟੀ 10 ਫ਼ੀਸਦੀ ਘਟਾ ਦਿੱਤੀ ਹੈ, ਜਿਸ ਨਾਲ ਪੈਟਰੋਲ ਦੀਆਂ ਕੀਮਤਾਂ ਵਿਚ ਕਮੀ ਆਏਗੀ ਜਿਸ ਨਾਲ ਦੇਸ ਵਾਸੀਆਂ ਨੂੰ ਵੱਡਾ ਲਾਭ ਹੋਵੇਗਾ ਅਤੇ ਕੇਂਦਰ ਸਰਕਾਰ ਵਲੋਂ ਦੇਸ ਵਾਸੀਆਂ ਨੂੰ ਇਹ ਇਕ ਵੱਡਾ ਤੋਹਫ਼ਾ ਦਿੱਤਾ ਹੈ | ਇਹ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਅਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਸਾਬਕਾ ਐੱਸ.ਪੀ. ਮੁਖਤਿਆਰ ਸਿੰਘ ਸੰਧੂ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਡੀਜ਼ਲ ਤੇ ਵੀ ਮੁਕੰਮਲ ਛੋਟ ਦੇ ਦਿੱਤੀ ਹੈ ਜਿਸ ਨਾਲ ਦੇਸ਼ ਦੇ ਅੰਨਦਾਤਾ ਕਿਸਾਨ ਨੂੰ ਵੀ ਵੱਡਾ ਫ਼ਾਇਦਾ ਪਹੁੰਚਾਇਆ ਹੈ | ਉਨ੍ਹਾਂ ਕਿਹਾ ਕਿ ਭਾਵੇਂ ਈਰਾਨ ਤੇ ਅਮਰੀਕਾ ਦੀ ਜੰਗ ਦੌਰਾਨ ਪੱਛਮੀ ਏਸ਼ੀਆ ਵਿਚ ਅਸਥਿਰਤਾ ਦਾ ਮਹੌਲ ਬਣਿਆ ਹੋਇਆ ਹੈ, ਪਰ ਇਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਤੀਸ਼ੀਲ ਤੇ ਯੋਗ ਅਗਵਾਈ ਕਰਕੇ ਭਾਰਤ ਆਪਣੇ ਆਪ ਵਿਚ ਇਕ ਸਮਰੱਥ ਦੇਸ਼ ਹੈ ਅਤੇ ਦੇਸ਼ ਵਿਚ ਪੈਟਰੋਲ, ਡੀਜ਼ਲ ਅਤੇ ਘਰੇਲੂ ਗੈਸ ਵਿਚ ਕੋਈ ਕਮੀ ਨਹੀਂ ਆਵੇਗੀ | ਸੰਧੂ ਨੇ ਕਿਹਾ ਕਿ ਕੇਂਦਰ ਵਿਚ ਭਾਜਪਾ ਸਰਕਾਰ ਦੌਰਾਨ ਦੇਸ਼ ਨੇ ਤਰੱਕੀ ਦੀਆਂ ਬੁਲੰਦੀਆਂ ਸਰ ਕੀਤੀਆਂ ਹਨ ਅਤੇ ਅੱਜ ਭਾਰਤ ਵਿਕਸਤ ਤੇ ਆਤਮ ਨਿਰਭਰ ਦੇਸ਼ ਹੈ ਜਿੱਥੇ ਕਿਸੇ ਵੀ ਕਿਸਮ ਦੇ ਕਿਸੇ ਭੰਡਾਰ ਦੀ ਕਮੀ ਨਹੀਂ ਹੈ |