ਮੋਗਾ, 28 ਮਾਰਚ (ਸੁਰਿੰਦਰਪਾਲ ਸਿੰਘ)-ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਵਲੋਂ ਪਹਿਲੀ ਵਾਰ 1791 ਕਰੋੜ ਦੀ ਵੱਡੀ ਰਾਸ਼ੀ ਖੇਡਾਂ ਲਈ ਫ਼ੰਡ ਦੇ ਰੂਪ ਵਿਚ ਰੱਖੀ ਗਈ ਹੈ, ਜੋ ਕਿ ਪੰਜਾਬ ਦੀ ਜਵਾਨੀ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਵੱਡਾ ਕਦਮ ਹੈ | ਇਹ ਪ੍ਰਗਟਾਵਾ ਚੇਅਰਮੈਨ ਪਲੈਨਿੰਗ ਬੋਰਡ ਅਤੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਮੋਗਾ ਬਰਿੰਦਰ ਕੁਮਾਰ ਮਧੇਕੇ ਨੇ ਜਾਰੀ ਪੈੱ੍ਰਸ ਬਿਆਨ ਰਾਹੀ ਕੀਤਾ | ਚੇਅਰਮੈਨ ਬਰਿੰਦਰ ਕੁਮਾਰ ਨੇ ਦੱਸਿਆ ਕਿ ਮਾਨ ਸਰਕਾਰ ਦੀ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਨੀਤੀ ਦਾ ਹੀ ਨਤੀਜਾ ਹੈ ਕਿ ਪੰਜਾਬ ਵਿਚ ਪਹਿਲੀ ਵਾਰ ਏਸ਼ੀਆ ਪੱਧਰ ਦੀ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਹੋਣ ਜਾ ਰਹੀ ਹੈ, ਜੋ ਕਿ ਮਾਨ ਸਰਕਾਰ ਦੀ ਵੱਡੀ ਅਤੇ ਇਤਿਹਾਸਕ ਪ੍ਰਾਪਤੀ ਹੈ | ਚੇਅਰਮੈਨ ਨੇ ਕਿਹਾ ਕਿ ਖੇਡਾਂ ਨਾਲ ਜੁੜਿਆ ਨੌਜਵਾਨ ਵਰਗ ਗਲਤ ਪਾਸੇ ਵੱਲ ਨਹੀਂ ਜਾ ਸਕਦਾ, ਇਸੇ ਲਈ ਮਾਨ ਸਰਕਾਰ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਮੁੱਚੇ ਪੰਜਾਬ ਵਿਚ 1350 ਕਰੋੜ ਰੁਪਏ ਨਾਲ 3100 ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ 102 ਕਰੋੜ ਰੁਪਏ ਨਾਲ 3000 ਜਿੰਮ ਅਤੇ 50 ਕਰੋੜ ਰੁਪਏ ਨਾਲ 17 ਹਜਾਰ ਸਪੋਰਟਸ ਕਿੱਟਾਂ ਯੂਥ ਕਲੱਬਾਂ ਨੂੰ ਦਿੱਤੀਆਂ ਜਾ ਰਹੀਆਂ ਹਨ, ਕੋਚਾਂ ਦੀ ਗਿਣਤੀ ਵਧਾ ਕੇ 2458 ਕੀਤੀ ਗਈ ਹੈ ਅਤੇ 48 ਖਿਡਾਰੀਆਂ ਨੂੰ ਕੋਚ ਵਜੋਂ ਨੌਕਰੀਆਂ ਦਿੱਤੀਆਂ ਗਈਆਂ ਹਨ | ਇਸੇ ਪ੍ਰਕਾਰ ਹਰੇਕ ਪਿੰਡ ਵਿਚ ਖੇਡਾਂ ਦੀ ਟਰੇਨਿੰਗ ਦੇਣ ਲਈ ਪਰਸਨਲ ਟਰੇਨਰ ਨਿਯੁਕਤ ਕੀਤੇ ਜਾ ਰਹੇ ਹਨ | ਉਨ੍ਹਾਂ ਏਸ਼ੀਅਨ ਚੈਂਪੀਅਨਸ਼ਿਪ ਹਾਕੀ ਟਰਾਫ਼ੀ ਦੇ ਆਯੋਜਨ ਨੂੰ ਪੰਜਾਬ ਦੀ ਆਰਥਿਕਤਾ ਲਈ ਵੀ ਸ਼ੁੱਭ ਸੰਕੇਤ ਕਰਾਰ ਦਿੰਦਿਆਂ ਕਿਹਾ ਇਸ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੀ ਵੱਡਾ ਹੁਲਾਰਾ ਮਿਲੇਗਾ ਅਤੇ ਪੰਜਾਬ ਇਕ ਟੂਰਿਸਟ ਹੱਬ ਵਜੋਂ ਹੋਰ ਜ਼ਿਆਦਾ ਪ੍ਰਸਿੱਧੀ ਪ੍ਰਾਪਤ ਕਰੇਗਾ |