ਅਜੀਤਵਾਲ, 2 ਅਪ੍ਰੈਲ (ਹਰਦੇਵ ਸਿੰਘ ਮਾਨ)-ਆੜ੍ਹਤੀਆ ਐਸੋਸੀਏਸ਼ਨ ਅਜੀਤਵਾਲ ਦੇ ਪ੍ਰਧਾਨ ਜਗਜੀਤ ਸਿੰਘ ਸਿੱਧੂ ਨੇ ਦੱਸਿਆ ਕਿ 16 ਮਾਰਚ ਨੂੰ ਮਖੂ ਵਿਖੇ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦਾ ਵੱਡਾ ਇਕੱਠ ਪੰਜਾਬ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਵਿਚ ਹੋਇਆ ਸੀ ਜਿਸ 'ਚ ਪੰਜਾਬ ਭਰ ਦੇ ਆੜ੍ਹਤੀਆਂ ਨੇ ਫ਼ੈਸਲਾ ਕੀਤਾ ਸੀ ਕਿ ਮੰਡੀ ਬੋਰਡ ਐਕਟ ਮੁਤਾਬਿਕ ਜੇਕਰ ਆੜ੍ਹਤੀਆਂ ਦੀ ਬਣਦੀ ਢਾਈ ਪ੍ਰਤੀਸ਼ਤ ਆੜ੍ਹਤ ਦੀ ਜਾਇਜ਼ ਮੰਗ ਪੂਰੀ ਨਹੀਂ ਕੀਤੀ ਜਾਂਦੀ ਤਾਂ ਸਾਰੇ ਪੰਜਾਬ ਦੀਆਂ ਦਾਣਾ ਮੰਡੀਆਂ ਅਣਮਿਥੇ ਸਮੇਂ ਲਈ ਬੰਦ ਕਰ ਦਿੱਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਆੜ੍ਹਤ ਵਿਚ ਕੀਤਾ ਮਾਮੂਲੀ ਵਾਧਾ ਕੇਂਦਰ ਸਰਕਾਰ ਵਲੋਂ ਆੜ੍ਹਤੀਆ ਭਾਈਚਾਰੇ ਨਾਲ ਕੋਝਾ ਮਜ਼ਾਕ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਜਦੋਂ ਤੱਕ ਸੂਬਾ ਤੇ ਕੇਂਦਰ ਸਰਕਾਰ ਵਲੋਂ ਆੜ੍ਹਤੀਆਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਮੰਡੀਆਂ ਬੰਦ ਰੱਖੀਆਂ ਜਾਣਗੀਆਂ | ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਬੰਦ ਦੌਰਾਨ ਕਣਕ ਦੀ ਫ਼ਸਲ ਨੂੰ ਉਤਾਰਨ ਅਤੇ ਭਰਨ ਦੀ ਮੁਕੰਮਲ ਰੋਕ ਰਹੇਗੀ ਤੇ ਕਿਸੇ ਕਿਸਮ ਦਾ ਕੰਮ ਨਹੀਂ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਨਾਲ ਅਜੀਤਵਾਲ ਦਾ ਆੜ੍ਹਤੀਆ ਭਾਈਚਾਰਾ ਵੀ ਮੌਜੂਦ ਸੀ |