ਮੋਗਾ, 4 ਅਪ੍ਰੈਲ (ਸੁਰਿੰਦਰਪਾਲ ਸਿੰਘ)-ਕਮਲ ਅਰੋੜਾ ਅਪੈਕਸ ਮੈਂਬਰ ਪੀ.ਸੀ.ਏ. ਮੋਹਾਲੀ ਨੇ ਦੱਸਿਆ ਕਿ ਅੰਡਰ-23 ਦੇ ਬਹੁ-ਦਿਨੀਂ ਮੈਚ ਵਿਚ ਮੋਗਾ ਅਤੇ ਬਠਿੰਡਾ ਵਿਚਾਲੇ ਮੁਕਾਬਲਾ ਡਰਾਅ ਰਿਹਾ, ਪਰ ਮੋਗਾ ਨੇ ਪਹਿਲੀ ਵਾਰੀ ਵਿਚ 66 ਰਨਾਂ ਦੀ ਬੜ੍ਹਤ ਹਾਸਲ ਕਰ ਕੇ 3 ਪੁਆਇੰਟ ਹਾਸਲ ਕੀਤੇ | ਉਨ੍ਹਾਂ ਦੱਸਿਆ ਕਿ ਮੋਗਾ ਨੇ ਪਹਿਲਾਂ ਬੈਟਿੰਗ ਕਰਦਿਆਂ 74.3 ਓਵਰਾਂ ਵਿਚ 285 ਰਨ ਬਣਾਏ | ਇਸ ਦੌਰਾਨ ਸਾਗਰ ਈਸ਼ਵਰ ਖੱਤਰੀ ਨੇ 87 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ, ਜਦ ਕਿ ਸਿਧਾਰਥ ਰਾਜ ਸ਼ਰਮਾ ਨੇ 59 ਰਨਾਂ ਨਾਲ ਟੀਮ ਨੂੰ ਮਜ਼ਬੂਤੀ ਦਿੱਤੀ | ਹੋਰ ਬੈਟਸਮੈਨਾਂ ਵਿਚ ਵਿਯੋਮ ਚੁੱਘ (33) ਅਤੇ ਸ਼ਾਨਵੀਰ ਸਿੰਘ ਕਲਸੀ (24) ਨੇ ਵੀ ਯੋਗਦਾਨ ਪਾਇਆ | ਉਨ੍ਹਾਂ ਦੱਸਿਆ ਕਿ ਇਸ ਦੇ ਜਵਾਬ ਵਿਚ ਬਠਿੰਡਾ ਦੀ ਟੀਮ 59 ਓਵਰਾਂ ਵਿਚ 219 ਰਨਾਂ 'ਤੇ ਆਲ ਆਊਟ ਹੋ ਗਈ | ਬਠਿੰਡਾ ਵਲੋਂ ਉਦੇ ਪ੍ਰਤਾਪ ਸਹਾਰਨ ਨੇ 79 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ, ਜਦ ਕਿ ਕਾਵਿਆ ਸਿੰਗਲਾ ਨੇ 54 ਰਨ ਬਣਾਏ | ਮੋਗਾ ਦੇ ਗੇਂਦਬਾਜ਼ਾਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ, ਜਿਸ ਵਿਚ ਸਿਧਾਰਥ ਰਾਜ ਸ਼ਰਮਾ ਨੇ 6 ਵਿਕਟਾਂ ਹਾਸਲ ਕਰ ਕੇ ਮੈਚ ਦਾ ਰੁਖ਼ ਮੋਗਾ ਦੇ ਹੱਕ ਵਿਚ ਮੋੜ ਦਿੱਤਾ | ਇਸ ਮੌਕੇ ਪੈਟਰਨ ਡਾ. ਸੰਜੀਵ ਕੁਮਾਰ ਸੈਣੀ, ਪ੍ਰਧਾਨ ਰਵਿੰਦਰ ਸਿੰਘ, ਪ੍ਰਦੀਪ ਮੋਂਗਾ, ਸਨੀ ਮਨਚੰਦਾ, ਕੋਚ ਮਨਜੀਤ ਕੁਮਾਰ, ਕਪਿਲ ਦੇਵ, ਹਰਸਿਮਰਨ ਸਿੰਘ ਅਤੇ ਮੋਹਨ ਸੁੰਦਰ ਦਾਸ ਆਦਿ ਮੌਜੂਦ ਸਨ |