ਮੋਗਾ, 5 ਅਪ੍ਰੈਲ (ਸੁਰਿੰਦਰਪਾਲ ਸਿੰਘ)-ਸਥਾਨਕ ਹੋਲੀ ਹਾਰਟ ਕਾਨਵੈਂਟ ਸਕੂਲ ਮੋਗਾ ਵਿਖੇ ਹਨੂਮਾਨ ਜੈਅੰਤੀ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸ਼ੁੱਭ ਮੌਕੇ 'ਤੇ ਸਕੂਲ ਦੇ ਕਿੰਡਰਗਾਰਟਨ ਸੈਕਸ਼ਨ ਦੇ ਨੰਨ੍ਹੇ-ਮੁੰਨੇ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਮੰਦਰ ਦੀ ਯਾਤਰਾ ਕਰਵਾਈ ਗਈ | ਸਕੂਲ ਦੇ ਅਧਿਆਪਕਾਂ ਦੀ ਦੇਖ-ਰੇਖ ਹੇਠ ਬੱਚਿਆਂ ਨੇ ਮੰਦਰ ਦਾ ਦੌਰਾ ਕੀਤਾ ਤੇ ਭਗਵਾਨ ਹਨੂਮਾਨ ਜੀ ਅੱਗੇ ਸੀਸ ਨਿਵਾਇਆ | ਇਸ ਦੌਰੇ ਦਾ ਮੁੱਖ ਮੰਤਵ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਸੀ | ਮੰਦਰ ਦੀ ਸ਼ਾਂਤਮਈ ਤੇ ਅਧਿਆਤਮਿਕ ਫ਼ਿਜ਼ਾ ਵਿਚ ਬੱਚੇ ਬਹੁਤ ਖ਼ੁਸ਼ ਨਜ਼ਰ ਆਏ | ਬੱਚਿਆਂ ਨੇ ਨਾ ਸਿਰਫ਼ ਉੱਥੇ ਪ੍ਰਾਰਥਨਾ ਕੀਤੀ, ਸਗੋਂ ਧਾਰਮਿਕ ਮਾਹੌਲ ਦਾ ਭਰਪੂਰ ਅਨੰਦ ਵੀ ਮਾਣਿਆ | ਅਧਿਆਪਕਾਂ ਨੇ ਬੱਚਿਆਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ | ਚੇਅਰਮੈਨ ਸੁਭਾਸ਼ ਪਲਤਾ ਤੇ ਡਾਇਰੈਕਟਰ ਪਿ੍ੰਸੀਪਲ ਸ਼ਿਵਾਨੀ ਅਰੋੜਾ ਨੇ ਦੱਸਿਆ ਕਿ ਅਜਿਹੀਆਂ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਆਪਣੀ ਸੰਸਕਿ੍ਤੀ ਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ |