ਮੋਗਾ, 6 ਅਪ੍ਰੈਲ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਔਰਤਾਂ ਲਈ ਸ਼ੁਰੂ ਕੀਤੀ ਅਸ਼ੀਰਵਾਦ ਸਕੀਮ ਵਿਚੋਂ ਸ਼ਹੀਦ ਫ਼ੌਜੀਆਂ ਦੀਆਂ ਪਤਨੀਆਂ ਨੂੰ ਬਾਹਰ ਕੱਢੇ ਜਾਣ ਦੀ ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ | 'ਅਜੀਤ' ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਨੇ ਕਿਹਾ ਕਿ ਪਹਿਲਾਂ ਤਾਂ ਮਾਨ ਸਰਕਾਰ ਨੇ ਔਰਤਾਂ ਦੇ 48 ਮਹੀਨਿਆਂ ਦੇ ਪੈਸੇ ਦੇਣ ਤੋਂ ਆਨਾਕਾਨੀ ਕੀਤੀ ਤੇ ਹੁਣ ਪੰਜਵੇਂ ਵਰ੍ਹੇ ਜਦੋਂ ਸਰਕਾਰ ਨੇ ਇਹ ਸਕੀਮ ਸ਼ੁਰੂ ਕੀਤੀ ਹੈ ਤਾਂ ਇਸ ਦੇ ਨੋਟੀਫ਼ਿਕੇਸ਼ਨ 'ਚ ਸ਼ਹੀਦ ਫ਼ੌਜੀਆਂ ਦੀਆਂ 65 ਹਜ਼ਾਰ ਪਤਨੀਆਂ ਨੂੰ ਬਾਹਰ ਕਰਕੇ ਸਰਕਾਰ ਨੇ ਸ਼ਹੀਦ ਪਰਿਵਾਰਾਂ ਦਾ ਵੀ ਨਿਰਾਦਰ ਕੀਤਾ ਹੈ | ਉਨ੍ਹਾਂ ਕਿਹਾ ਕਿ ਇਹ ਸਕੀਮ ਮੁੱਢਲੇ ਪੜਾਅ 'ਤੇ ਹੀ ਫ਼ੇਲ੍ਹ ਸਾਬਤ ਹੋਣ ਲੱਗੀ ਹੈ | ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਕਾਂਗਰਸ ਪਾਰਟੀ ਵਲੋਂ ਵੱਡੇ ਪੱਧਰ 'ਤੇ ਉਠਾਇਆ ਜਾਵੇਗਾ |