ਅਜੀਤਵਾਲ, 8 ਅਪ੍ਰੈਲ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜਿਜ਼ ਅਜੀਤਵਾਲ (ਮੋਗਾ) ਵਿਖੇ ਬਾਬਾ ਨਾਭਾ ਦਾਸ ਜੀ ਦਾ ਜਨਮ ਦਿਵਸ ਮਨਾਉਂਦਿਆਂ ਉਨ੍ਹਾਂ ਦੀ ਤਸਵੀਰ ਉੱਪਰ ਫੁੱਲ-ਮਲਾਵਾਂ ਭੇਟ ਕਰਨ ਉਪਰੰਤ ਸੰਸਥਾ ਦੇ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਉਨ੍ਹਾਂ ਦੇ ਜੀਵਨ ਬਾਰੇ ਦੱਸਦਿਆਂ ਕਿਹਾ ਕਿ ਸੰਤ ਰਾਮਾਨੰਦ ਦੀ ਪਰੰਪਰਾ ਨਾਲ ਸੰਬੰਧਿਤ ਆਪ 16ਵੀਂ ਸਦੀ ਦੇ ਸੰਤ ਰਹੇ ਹਨ, ਜਿਨ੍ਹਾਂ ਨੂੰ ਮਹਾਨ ਧਰਮ ਸ਼ਾਸਤਰੀ ਵਜੋਂ ਵੀ ਜਾਣਿਆ ਜਾਂਦਾ ਹੈ | ਲੈਕਚਰਾਰ ਪਰਮਬੀਰ ਸਿੰਘ ਨੇ ਬਾਬਾ ਨਾਭਾ ਦਾਸ ਜੀ ਬਾਰੇ ਦੱਸਦਿਆਂ ਕਿਹਾ ਕਿ ਆਪ ਜੀ ਭਗਤੀ ਤੇ ਸਮਾਜਿਕ ਸਮਾਨਤਾ ਨੂੰ ਵਾਧਾ ਦੇਣ ਲਈ ਜਾਣੇ ਜਾਂਦੇ ਹਨ ਤੇ ਆਪ ਰਾਮਾਨੰਦ ਸੰਪਰਦਾਇ ਦੇ ਮੈਂਬਰ ਰਹੇ | ਪ੍ਰੋਜੈਕਟ ਇੰਚਾਰਜ ਮੈਡਮ ਮਨਵੀਨ ਕੌਰ ਨੇ ਦੱਸਿਆ ਕਿ ਆਪ ਜੀ ਇਕ ਸੰਤ ਸੁਭਾਅ ਤੇ ਭਗਵਾਨ ਰਾਮ ਦੇ ਭਗਤ ਵਜੋਂ ਜਾਣੇ ਜਾਂਦੇ ਸਨ | ਮੈਡਮ ਵਿਸ਼ਾਲਜੀਤ ਕੌਰ ਨੇ ਕਿਹਾ ਕਿ ਪਵਿੱਤਰ ਗ੍ਰੰਥ ਭਗਤਮਲ ਵਿਚ ਨਾਭਾ ਦਾਸ ਨੇ ਸਤਯੁੱਗ ਤੋਂ ਲੈ ਕੇ ਕਲਯੁਗ ਯੁੱਗ ਤੱਕ ਦੇ ਲਗਭਗ ਹਰ ਸੰਤ ਦਾ ਜੀਵਨ ਇਤਿਹਾਸ ਲਿਖਿਆ ਹੈ | ਇਸ ਮੌਕੇ ਸੰਸਥਾ ਦੇ ਸਮੂਹ ਸਟਾਫ਼ ਨੇ ਨਤਮਸਤਕ ਹੋ ਕੇ ਬਾਬਾ ਨਾਭਾ ਦਾਸ ਜੀ ਦੀਆਂ ਸਿੱਖਿਆਵਾਂ 'ਤੇ ਚਰਚਾ ਕੀਤੀ |