ਅਜੀਤਵਾਲ, 8 ਅਪ੍ਰੈਲ (ਹਰਦੇਵ ਸਿੰਘ ਮਾਨ)-ਸੰਤ ਭਵਨ ਕੁਟੀਆ ਅੰਗੀਠਾ ਸਾਹਿਬ ਰੌਲੀ (ਮੋਗਾ) ਵਿਖੇ ਸੰਤ ਬਾਬਾ ਨਰੈਣ ਸਿੰਘ ਜੀ ਦੀ 24ਵੀ ਸਾਲਾਨਾ ਬਰਸੀ ਸਬੰਧੀ ਧਾਰਮਿਕ ਸਮਾਗਮਾਂ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ 54 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਤੇ ਅਗਲੀ ਲੜੀ ਦੇ 54 ਸ਼੍ਰੀ ਅਖੰਡ ਪਾਠ ਪ੍ਰਕਾਸ਼ ਕਿਤੇ ਗਏ | ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਵਿੰਦਰ ਸਿੰਘ ਖ਼ਾਲਸਾ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਇਸ ਦੌਰਾਨ ਲਗਾਏ ਮੈਡੀਕਲ ਕੈਂਪ ਦੌਰਾਨ ਸੰਕਰਾ ਹਸਪਤਾਲ ਦੇ ਮਾਹਿਰ ਡਾਕਟਰਾਂ ਵਲੋਂ ਅੱਖਾਂ ਦੇ 461 ਰੋਗੀਆਂ ਦੀ ਜਾਂਚ ਕਰਕੇ ਲੋੜਵੰਦਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਅਤੇ ਜ਼ਰੂਰਤ ਵਾਲੇ 21 ਮਰੀਜ਼ਾਂ ਦੇ ਲੈਂਨਜ ਵੀ ਪਾਏ ਜਾਣਗੇ | ਕੈਂਪ ਦੌਰਾਨ ਹਲਕਾ ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਧਰਮ ਪਤਨੀ ਡਾ. ਰਮਨਦੀਪ ਕੌਰ ਢੋਸ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ ਤੇ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਵਿੰਦਰ ਸਿੰਘ ਖ਼ਾਲਸਾ ਦੇ ਸਮਾਜਿਕ ਤੇ ਧਾਰਮਿਕ ਵੱਡੇ ਉਪਰਾਲਿਆਂ ਸਮੇਤ ਦੀਨ-ਦੁਖੀਆਂ ਅਤੇ ਲੋੜਵੰਦਾਂ ਲਈ ਕੀਤੇ ਜਾ ਰਹੇ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ | ਸੰਤ ਬਾਬਾ ਹਰਵਿੰਦਰ ਸਿੰਘ ਖ਼ਾਲਸਾ ਨੇ ਡਾਕਟਰੀ ਟੀਮਾਂ, ਸਿਆਸੀ ਅਤੇ ਪੰਚਾਇਤੀ ਸ਼ਖ਼ਸੀਅਤਾਂ, ਸਹਿਯੋਗੀ ਐਨ.ਆਰ.ਆਈ. ਵੀਰਾਂ, ਸਮੂਹ ਕਲੱਬਾਂ, ਸੇਵਾਦਾਰਾਂ, ਸੰਗਤਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸੰਤ ਬਾਬਾ ਨਰੈਣ ਸਿੰਘ ਜੀ ਚੈਰੀਟੇਬਲ ਟਰੱਸਟ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਦਵਾਈਆਂ ਅਤੇ ਲੈਂਨਜ ਪਾਉਣ ਦੀ ਮੁਫ਼ਤ ਸੇਵਾ ਦਾ ਉੱਦਮ ਕੀਤਾ ਜਾਂਦਾ ਹੈ | ਕੈਂਪ 'ਚ ਪਹੁੰਚੀਆਂ ਅਹਿਮ ਸ਼ਖ਼ਸੀਅਤਾਂ ਅਤੇ ਡਾਕਟਰੀ ਟੀਮਾਂ ਨੂੰ ਅਸਥਾਨ ਵਲੋਂ ਸਨਮਾਨਿਤ ਕੀਤਾ ਗਿਆ | ਸੇਵਾਦਾਰਾਂ ਨੇ ਦੱਸਿਆ ਕਿ 9-10-11 ਅਪ੍ਰੈਲ ਨੂੰ ਸ਼ਾਮ 7 ਤੋਂ 10 ਵਜੇ ਤੱਕ ਅਸਥਾਨ ਵਿਖੇ ਧਾਰਮਿਕ ਦੀਵਾਨ ਸਜਾਏ ਜਾਣਗੇ | ਅੰਤਿਮ ਦਿਨ 12 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿਚ ਪੰਥ ਦੀਆਂ ਅਹਿਮ ਧਾਰਮਿਕ ਸ਼ਖ਼ਸੀਅਤਾਂ, ਸੰਤ-ਮਹਾਂਪੁਰਸ ਤੇ ਰਾਗੀ ਜਥੇ ਸੰਗਤਾਂ ਨੂੰ ਗੁਰਬਾਣੀ ਜਸ ਸਰਵਣ ਕਰਵਾਉਣਗੇ | ਇਸ ਮੌਕੇ ਇਲਾਕੇ ਦੀਆਂ ਪੰਚਾਇਤੀ ਸ਼ਖ਼ਸੀਅਤਾਂ, ਕਲੱਬਾਂ ਤੇ ਵੱਡੀ ਗਿਣਤੀ ਸੰਗਤਾਂ ਅਤੇ ਸੇਵਾਦਾਰ ਮੌਜੂਦ ਸਨ |