ਮੋਗਾ, 10 ਅਪ੍ਰੈਲ (ਸੁਰਿੰਦਰਪਾਲ ਸਿੰਘ)-ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਪੰਜਾਬ ਸਰਕਾਰ ਵਲੋਂ ਲੋਕ ਸਭਾ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਉੱਪਰ ਮੁੜ ਤੋਂ ਐਨ.ਐਸ.ਏ. ਲਗਾਉਣ ਦੀ ਘੜੀ ਜਾ ਰਹੀ ਸਾਜ਼ਿਸ਼ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ | ਪਾਰਟੀ ਦੇ ਵਿਧਾਨ ਸਭਾ ਹਲਕਾ ਮੋਗਾ ਦੇ ਇੰਚਾਰਜ ਭਾਈ ਰਛਪਾਲ ਸਿੰਘ ਸੋਸਣ ਨੇ ਜਾਰੀ ਕੀਤੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਲੋਕਤੰਤਰਿਕ ਢੰਗ ਨਾਲ ਪਾਰਲੀਮੈਂਟ ਮੈਂਬਰ ਚੁਣੇ ਗਏ ਭਾਈ ਅੰਮਿ੍ਤਪਾਲ ਸਿੰਘ ਖ਼ਿਲਾਫ਼ ਰਚੀਆਂ ਜਾ ਰਹੀਆਂ ਅਜਿਹੀਆਂ ਸਾਜ਼ਿਸ਼ਾਂ ਨਾਲ ਹਲਕਾ ਖਡੂਰ ਸਾਹਿਬ ਦੇ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਕੁਚਲਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਦਾ ਸੰਵਿਧਾਨਕ ਹੱਕ ਹੈ ਕਿ ਉਹ ਪਾਰਲੀਮੈਂਟ ਦੇ ਸੈਸ਼ਨ ਵਿਚ ਭਾਗ ਲੈ ਕੇ ਪੰਜਾਬ ਅਤੇ ਆਪਣੇ ਹਲਕੇ ਦੇ ਲੋਕਾਂ ਨੂੰ ਦਰਪੇਸ਼ ਮਸਲਿਆਂ ਦੀ ਗੱਲ ਰੱਖਣ ਪਰ ਸਰਕਾਰ ਨੇ ਇਕ ਕੋਝੀ ਨੀਤੀ ਤਹਿਤ ਉਨ੍ਹਾਂ ਨੂੰ ਇਸ ਸੰਵਿਧਾਨਕ ਹੱਕ ਤੋਂ ਵੀ ਵਾਂਝਾ ਰੱਖਿਆ ਅਤੇ ਹੁਣ ਇਕ ਝੂਠੇ ਕੇਸ ਵਿਚ ਝੂਠੀ ਗਵਾਹੀ ਦਿਵਾਉਣ ਦੀ ਕਹਾਣੀ ਘੜ ਕੇ ਭਾਈ ਅੰਮਿ੍ਤਪਾਲ ਸਿੰਘ ਨੂੰ ਐਨ.ਐਸ.ਏ. ਤਹਿਤ ਇਕ ਸਾਲ ਲਈ ਹੋਰ ਅੰਦਰ ਰੱਖਣ ਦੀ ਵਿਉਂਤਬੰਦੀ ਸਰਕਾਰ ਨੇ ਕੀਤੀ ਹੈ | ਭਾਈ ਰਛਪਾਲ ਸਿੰਘ ਸੋਸਣ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕ ਸਰਕਾਰ ਦੇ ਇਸ ਗ਼ੈਰ-ਜਮਹੂਰੀ ਵਤੀਰੇ ਦਾ ਡਟ ਕੇ ਜਵਾਬ ਦੇਣਗੇ | ਉਨ੍ਹਾਂ ਨੇ ਸਮੂਹ ਇਨਸਾਫ਼ ਪਸੰਦ ਸੰਗਠਨਾਂ ਤੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਵਾਰਿਸ ਪੰਜਾਬ ਦੇ ਪਲੇਟਫ਼ਾਰਮ ਉੱਪਰ ਇੱਕਜੁੱਟ ਹੋਣ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਭਲਾਈ ਲਈ ਦਿਨ-ਰਾਤ ਇਕ ਕਰ ਦੇਣ |