ਮੋਗਾ, 13 ਅਪ੍ਰੈਲ (ਗੁਰਤੇਜ ਸਿੰਘ ਬੱਬੀ)-ਜ਼ਿਲ੍ਹਾ ਮੋਗਾ ਵਿਚ ਖੇਤੀਬਾੜੀ ਵਿਭਾਗ ਨੂੰ ਨਵੀਂ ਦਿਸ਼ਾ ਦੇਣ ਵੱਲ ਇਕ ਮਹੱਤਵਪੂਰਨ ਕਦਮ ਦੇ ਤੌਰ 'ਤੇ ਡਾ. ਅੰਮਿ੍ਤਪਾਲ ਸਿੰਘ ਨੇ ਮੁੱਖ ਖੇਤੀਬਾੜੀ ਅਫ਼ਸਰ ਵਜੋਂ ਅਹੁਦਾ ਸੰਭਾਲ ਲਿਆ ਹੈ | ਅਹੁਦਾ ਸੰਭਾਲਦੇ ਹੀ ਉਨ੍ਹਾਂ ਨੇ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਪਲੇਠੀ ਮੀਟਿੰਗ ਕਰਕੇ ਕੰਮਕਾਜ ਵਿਚ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਯਕੀਨੀ ਬਣਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ | ਮੀਟਿੰਗ ਦੌਰਾਨ ਡਾ. ਅੰਮਿ੍ਤਪਾਲ ਸਿੰਘ ਨੇ ਦੱਸਿਆ ਕਿ ਕਿਸਾਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਵਿਭਾਗ ਦੀਆਂ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ | ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਹ ਕੀਟਨਾਸ਼ਕ ਦਵਾਈਆਂ ਜਾਂ ਖਾਦ ਖ਼ਰੀਦਦੇ ਹਨ ਤਾਂ ਹਮੇਸ਼ਾ ਪੱਕਾ ਬਿੱਲ ਲੈਣ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਕੋਈ ਵੀ ਡੀਲਰ ਬਿੱਲ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਲਈ ਆਪਣੀ ਰਜਿਸਟਰੇਸ਼ਨ ਜ਼ਰੂਰ ਕਰਵਾਉਣ | ਉਨ੍ਹਾਂ ਕਿਹਾ ਕਿ ਰਜਿਸਟਰੇਸ਼ਨ ਹੋਣ ਨਾਲ ਹੀ ਕਿਸਾਨ ਕਿਸਾਨ ਨਿਧੀ ਯੋਜਨਾ ਅਤੇ ਹੋਰ ਸਬਸਿਡੀਆਂ ਦਾ ਪੂਰਾ ਫ਼ਾਇਦਾ ਲੈ ਸਕਦੇ ਹਨ, ਇਸ ਲਈ ਜਲਦ ਤੋਂ ਜਲਦ ਆਪਣਾ ਰਜਿਸਟਰੇਸ਼ਨ ਕਾਰਡ ਬਣਵਾਇਆ ਜਾਵੇ | ਇਸ ਮੌਕੇ ਸਾਬਕਾ ਬਲਾਕ ਅਫ਼ਸਰ ਡਾ. ਕੁਲਦੀਪ ਸਿੰਘ ਬੁੱਟਰ ਨੇ ਡਾ. ਅੰਮਿ੍ਤਪਾਲ ਸਿੰਘ ਨੂੰ ਨਵੇਂ ਅਹੁਦੇ ਦੀ ਮੁਬਾਰਕਬਾਦ ਦਿੰਦਿਆਂ ਬੁੱਕਾ ਭੇਟ ਕੀਤਾ ਅਤੇ ਭਵਿੱਖ ਵਿਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ |
ਡਾ. ਅੰਮਿ੍ਤਪਾਲ ਸਿੰਘ ਨੇ ਮੁੱਖ ਖੇਤੀਬਾੜੀ ਅਫ਼ਸਰ ਵਜੋਂ ਸੰਭਾਲਿਆ ਅਹੁਦਾ <br/>
ਅਜੀਤ ਡੈਸਕ
14-04-2026