ਮੋਗਾ, 13 ਅਪ੍ਰੈਲ (ਗੁਰਤੇਜ ਸਿੰਘ ਬੱਬੀ)-ਸ਼ਹਿਰੀ ਪ੍ਰਬੰਧਨ ਤੇ ਮੈਦਾਨੀ ਪੱਧਰ ਦੀ ਨਿਗਰਾਨੀ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਮੋਗਾ ਤੇ ਫ਼ਰੀਦਕੋਟ ਜ਼ਿਲਿ੍ਹਆਂ 'ਚ ਸਵੱਛ ਭਾਰਤ ਮਿਸ਼ਨ ਹੇਠ ਇਕ ਨਵਾਂ ਡਿਜੀਟਲ ਉਪਰਾਲਾ ਸ਼ੁਰੂ ਕੀਤਾ ਗਿਆ ਹੈ | ਇਹ ਪ੍ਰੋਜੈਕਟ ਨਯਨਟੈਕ ਦੁਆਰਾ ਲਾਗੂ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਨਾਗਰਿਕ ਮਸਲਿਆਂ ਦੀ ਰਿਪੋਰਟਿੰਗ 'ਚ ਕਾਰਗੁਜ਼ਾਰੀ ਤੇ ਪਾਰਦਰਸ਼ਤਾ ਵਧਾਉਣਾ ਹੈ | ਇਸ ਉਪਰਾਲੇ ਦੀ ਅਗਵਾਈ ਡਿਪਟੀ ਜਨਰਲ ਮੈਨੇਜਰ, ਸਕੁਆਡਰਨ ਲੀਡਰ ਅਰਜੁਨ ਸਿੰਘ ਵਲੋਂ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਰਹਿਨੁਮਾਈ ਹੇਠ ਨਿਗਰਾਨ ਮੋਗਾ ਨਗਰ ਨਿਗਮ 'ਚ ਇਕੱਠੇ ਹੋਏ ਜਿੱਥੇ ਉਨ੍ਹਾਂ ਨੂੰ ਵਿਸਥਾਰਪੂਰਵਕ ਬ੍ਰੀਫਿੰਗ ਅਤੇ ਆਈ ਟੀ ਸਾਜ਼ੋ-ਸਾਮਾਨ ਦੀ ਵੰਡ ਕੀਤੀ ਗਈ | ਇਸ ਪ੍ਰੋਜੈਕਟ ਨਾਲ ਜੁੜੇ ਸਾਰੇ ਨਿਗਰਾਨ ਭਾਰਤੀ ਸ਼ਸਤਰ ਬਲਾਂ ਦੇ ਸਾਬਕਾ ਸੈਨਿਕ ਹਨ, ਜੋ ਪੰਜਾਬ ਐਕਸ-ਸਰਵਿਸਮੈਨ ਕਾਰਪੋਰੇਸ਼ਨ ਰਾਹੀਂ ਤਾਇਨਾਤ ਹਨ ਤੇ ਪੀ.ਐਮ.ਆਈ. ਡੀ.ਸੀ. ਅਧੀਨ ਕੰਮ ਕਰ ਰਹੇ ਹਨ | ਉਨ੍ਹਾਂ ਨੂੰ ਸਮਾਰਟ ਫ਼ੋਨ ਤੇ ਹੋਰ ਸਬੰਧਿਤ ਉਪਕਰਨ ਪ੍ਰਦਾਨ ਕੀਤੇ ਗਏ ਹਨ, ਜਿਸ ਨਾਲ ਉਹ ਮੈਦਾਨੀ ਪੱਧਰ 'ਤੇ ਤੁਰੰਤ ਨਿਗਰਾਨੀ ਕਰ ਸਕਣਗੇ | ਇਸ ਡਿਜੀਟਲ ਪ੍ਰਣਾਲੀ ਦੀ ਮਦਦ ਨਾਲ ਨਿਗਰਾਨ ਹੁਣ ਵੱਖ-ਵੱਖ ਨਾਗਰਿਕ ਮਸਲਿਆਂ ਦੀ ਰਿਪੋਰਟਿੰਗ ਕਰਨਗੇ, ਜਿਵੇਂ ਕਿ ਠੋਸ ਕਚਰਾ ਪ੍ਰਬੰਧਨ, ਸਫ਼ਾਈ ਸੰਬੰਧੀ ਗਤੀਵਿਧੀਆਂ, ਟੁੱਟੀਆਂ ਸੜਕਾਂ, ਗੈਰ ਕਾਨੂੰਨੀ ਨਿਰਮਾਣ ਤੇ ਹੋਰ ਸ਼ਹਿਰੀ ਬੁਨਿਆਦੀ ਢਾਂਚੇ ਨਾਲ ਜੁੜੀਆਂ ਸਮੱਸਿਆਵਾਂ | ਇਹ ਉਪਕਰਨ ਜਿਓ-ਟੈਗ ਕੀਤੀਆਂ ਫ਼ੋਟੋਆਂ ਤੇ ਵੀਡੀਓ ਤੁਰੰਤ ਕੈਪਚਰ ਕਰਕੇ ਅੱਪਲੋਡ ਕਰਨ ਦੀ ਸਹੂਲਤ ਦਿੰਦੇ ਹਨ, ਜਿਸ ਨਾਲ ਸਹੀ ਤੇ ਸਮੇਂ-ਸਿਰ ਰਿਪੋਰਟਿੰਗ ਯਕੀਨੀ ਬਣੇਗੀ | ਅਧਿਕਾਰੀਆਂ ਨੇ ਦੱਸਿਆ ਕਿ ਇਹ ਉਪਰਾਲਾ ਪਾਰਦਰਸ਼ਤਾ ਵਿਚ ਵਾਧਾ ਕਰੇਗਾ ਤੇ ਜਵਾਬਦੇਹੀ ਨੂੰ ਮਜ਼ਬੂਤ ਕਰੇਗਾ ਤੇ ਸ਼ਿਕਾਇਤਾਂ ਦੇ ਨਿਪਟਾਰੇ ਦੀ ਗਤੀ ਤੇਜ਼ ਕਰੇਗਾ | ਭਾਰਤੀ ਸ਼ਸਤਰ ਬਲਾਂ ਦੇ ਅਨੁਸ਼ਾਸਿਤ ਸਾਬਕਾ ਸੈਨਿਕਾਂ ਤੇ ਆਧੁਨਿਕ ਤਕਨਾਲੋਜੀ ਦਾ ਮਿਲਾਪ ਮੈਦਾਨੀ ਕੰਮਕਾਜ ਦੀ ਪ੍ਰਭਾਵਸ਼ੀਲਤਾ ਨੂੰ ਵਧਾਏਗਾ | ਸਕੁਆਡਰਨ ਲੀਡਰ ਅਰਜੁਨ ਸਿੰਘ ਨੇ ਕਿਹਾ ਕਿ ਤਜਰਬੇਕਾਰ ਮਨੁੱਖੀ ਸਾਧਨਾਂ ਨਾਲ ਤਕਨਾਲੋਜੀ ਦੇ ਇਸ ਇਕੱਠ ਨਾਲ ਟੁੱਟੀਆਂ ਸੜਕਾਂ, ਗ਼ੈਰਕਾਨੰੂਨੀ ਨਿਰਮਾਣ ਤੇ ਸਫ਼ਾਈ ਨਾਲ ਜੁੜੀਆਂ ਸਮੱਸਿਆਵਾਂ 'ਤੇ ਤੇਜ਼ ਅਤੇ ਪ੍ਰਭਾਵਸ਼ਾਲੀ ਕਾਰਵਾਈ ਸੰਭਵ ਹੋਵੇਗੀ | ਇਹ ਪ੍ਰੋਜੈਕਟ ਸ਼ਹਿਰੀ ਸੇਵਾਵਾਂ ਦੀ ਡਿਜੀਟਲਾਇਜ਼ੇਸ਼ਨ ਵੱਲ ਇਕ ਮਹੱਤਵਪੂਰਨ ਕਦਮ ਹੈ ਤੇ ਇਸ ਨਾਲ ਸਵੱਛ ਭਾਰਤ ਅਤੇ ਸ਼ਹਿਰੀ ਵਿਕਾਸ ਯੋਜਨਾਵਾਂ ਦੀ ਕਾਰਗੁਜ਼ਾਰੀ ਹੋਰ ਮਜ਼ਬੂਤ ਹੋਵੇਗੀ |