ਨੱਥੂਵਾਲਾ ਗਰਬੀ, 14 ਅਪ੍ਰੈਲ (ਨਵਦੀਪ ਸਿੰਘ)-ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਅੱਠਵੀਂ ਜਮਾਤ ਦੇ ਨਤੀਜਿਆਂ 'ਚੋਂ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਕੋਟ ਸੁਖੀਆ ਦੀ ਹੋਣਹਾਰ ਵਿਦਿਆਰਥਣ ਜਸ਼ਨਦੀਪ ਕੌਰ ਭਲੂਰ ਨੂੰ ਪੰਜਾਬ ਭਰ 'ਚੋਂ ਦੂਜਾ ਰੈਂਕ ਹਾਸਲ ਕਰਨ ਤੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਸ਼ੇਸ਼ ਤੌਰ 'ਤੇ 50000/-ਰੁਪਏ ਦਾ ਚੈੱਕ, ਸਨਮਾਨ ਚਿੰਨ੍ਹ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਭਵਿੱਖ 'ਚ ਹੋਰ ਮੱਲ੍ਹਾਂ ਮਾਰਨ ਲਈ ਹੌਂਸਲਾ ਅਫਜ਼ਾਈ ਕੀਤੀ ਗਈ | ਇਸ ਮੌਕੇ ਮੁੱਖ ਮੰਤਰੀ ਨੇ ਸਕੂਲ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਸੰਸਥਾ ਦੇ ਵਿਦਿਆਰਥੀ ਹਰ ਸਾਲ ਰਾਜ ਪੱਧਰ 'ਤੇ ਮਾਣ-ਮੱਤੀਆਂ ਪ੍ਰਾਪਤੀਆਂ ਹਾਸਲ ਕਰਕੇ ਸਨਮਾਨਿਤ ਹੁੰਦੇ ਹਨ | ਇਸ ਮੌਕੇ ਡਾ. ਗੁਰਪ੍ਰੀਤ ਕੌਰ ਸੁਪਤਨੀ ਭਗਵੰਤ ਸਿੰਘ ਮਾਨ, ਡਾ. ਅਮਰਪਾਲ ਸਿੰਘ ਆਈ.ਏ.ਐਸ. (ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ) ਤੇ ਮੈਡਮ ਅੰਜਨਾ ਕੌਸ਼ਲ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਫ਼ਰੀਦਕੋਟ ਵੀ ਹਾਜ਼ਰ ਸਨ | ਇਸ ਮੌਕੇ ਸਨਮਾਨਿਤ ਹੋਣ ਵਾਲੇ ਬੱਚੇ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਿਸ਼ੇਸ਼ ਤੌਰ 'ਤੇ ਨਾਸ਼ਤਾ ਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਨੇ ਕਿਹਾ ਕਿ ਵਿਦਿਆਰਥੀਆਂ ਦੇ ਉੱਜਲ ਭਵਿੱਖ ਲਈ ਸਿੱਖਿਆ ਤੇ ਖੇਡਾਂ ਦੇ ਖੇਤਰ ਵਿਚ ਹੋਰ ਬਿਹਤਰ ਕਦਮ ਚੁੱਕੇ ਜਾਣਗੇ |