ਅਜੀਤਵਾਲ, 15 ਅਪ੍ਰੈਲ (ਹਰਦੇਵ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ ਦੇ ਮੁੱਢਲੀ ਕਤਾਰ ਦੇ ਆਗੂ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਤੀ ਕਰੀਬੀ ਜਾਣੇ ਜਾਂਦੇ ਸਾਬਕਾ ਕੈਬਿਨਟ ਮੰਤਰੀ ਮਰਹੂਮ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਵਾਪਸੀ ਨਾਲ ਅਕਾਲੀ ਖੇਮੇ ਵਿਚ ਵੱਡਾ ਉਤਸ਼ਾਹ ਤੇ ਖ਼ੁਸ਼ੀ ਪਾਈ ਜਾ ਰਹੀ ਹੈ | ਇਹ ਪ੍ਰਗਟਾਵਾ ਅਕਾਲੀ ਦਲ ਦੇ ਸੀਨੀਅਰ ਆਗੂ ਬਲਜੀਤ ਸਿੰਘ ਚੁਗਾਵਾਂ ਨੇ ਅਕਾਲੀ ਵਰਕਰਾਂ ਤੇ ਪਾਰਟੀ ਹਿਤੈਸ਼ੀਆਂ ਨਾਲ ਇਕੱਤਰ ਹੋ ਕੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਜਥੇਦਾਰ ਤੋਤਾ ਸਿੰਘ ਨੇ ਜਿੱਥੇ ਸਮੁੱਚੇ ਪੰਜਾਬ ਅੰਦਰ ਅਕਾਲੀ ਸਰਕਾਰ ਦੇ ਰਾਜ ਸਮੇਂ ਮੰਤਰੀ ਹੁੰਦਿਆਂ ਵੱਡੇ ਵਿਕਾਸ ਕੀਤੇ, ਮੋਗੇ ਜ਼ਿਲੇ੍ਹ ਨੂੰ ਵਿਕਾਸ ਪੱਖੋਂ ਪਹਿਲੀਆਂ ਕਤਾਰਾਂ ਵਿਚ ਲਿਆਂਦਾ | ਜ਼ਿਲੇ੍ਹ ਦੇ ਸਾਰੇ ਹਲਕਿਆਂ ਵਿਚ ਉਨ੍ਹਾਂ ਨੂੰ ਸਤਿਕਾਰਤ ਸ਼ਖ਼ਸੀਅਤ ਵਜੋਂ ਜਾਣਿਆਂ ਜਾਂਦਾ ਹੈ | ਉਨ੍ਹਾਂ ਦੇ ਸਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਜਿਨ੍ਹਾਂ ਨੇ ਚੇਅਰਮੈਨ ਸਿਹਤ ਸੇਵਾਵਾਂ ਪੰਜਾਬ ਹੁੰਦਿਆਂ ਬਹੁਤ ਸ਼ਲਾਘਾਯੋਗ ਕੰਮ ਕੀਤੇ ਪਿਛਲੇ ਕੁਝ ਮਹੀਨਿਆਂ ਦੇ ਹਾਲਾਤਾਂ ਵਿਚ ਉਨ੍ਹਾਂ ਦਾ ਅਕਾਲੀ ਦਲ ਤੋਂ ਪਾਸਾ ਵੱਟਣ ਨਾਲ ਅਕਾਲੀ ਖੇਮੇ ਵਿਚ ਨਮੋਸ਼ੀ ਦਾ ਆਲਮ ਬਣਿਆ ਰਿਹਾ | ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਉਚ ਸੋਚ ਅਤੇ ਪਾਰਟੀ ਨੂੰ ਦਿੱਤੀ ਜਾ ਰਹੀ ਦੂਰ ਅੰਦੇਸ਼ੀ ਰਹਿਨੁਮਾਈ ਦਾ ਸਦਕਾ ਮੱਖਣ ਬਰਾੜ ਦੀ ਪਾਰਟੀ ਵਿਚ ਵਾਪਸੀ ਹੋਈ, ਜਿਸ ਨਾਲ ਅਕਾਲੀ ਖੇਮੇ ਵਿਚ ਬੇਹੱਦ ਖ਼ੁਸ਼ੀ ਅਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਜੋ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸ਼ੁੱਭ ਸੰਕੇਤ ਨਜ਼ਰ ਆ ਰਹੇ ਹਨ | ਅਕਾਲੀ ਆਗੂਆਂ ਤੇ ਵਰਕਰਾਂ ਨੇ ਉਮੀਦ ਜਤਾਈ ਕਿ ਜ਼ਿਲੇ੍ਹ ਦੇ ਆਗੂ ਆਪਸੀ ਏਕਤਾ ਨਾਲ ਪਾਰਟੀ ਦੀ ਚੜ੍ਹਦੀ ਕਲਾ ਲਈ ਪਹਿਲਾਂ ਤੋਂ ਵੀ ਵਧ ਕੇ ਦਿਨ ਰਾਤ ਇਕ ਕਰਨਗੇ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਜ਼ਿਲੇ੍ਹ ਦੇ ਚਾਰੇ ਹਲਕਿਆਂ ਵਿਚੋਂ ਸ਼੍ਰੋਮਣੀ ਅਕਾਲੀ ਦਲ ਵੱਡੀ ਜਿੱਤ ਪ੍ਰਾਪਤ ਕਰੇਗਾ | ਇਸ ਮੌਕੇ ਮੈਂਬਰ ਹਰਵਿੰਦਰ ਸਿੰਘ, ਮੈਂਬਰ ਬੰਤ ਸਿੰਘ, ਗੁਰਮੀਤ ਸਿੰਘ, ਵਜ਼ੀਰ ਸਿੰਘ, ਪ੍ਰਧਾਨ ਭਿੰਦਰ ਸਿੰਘ, ਸਾਬਕਾ ਖ਼ਜ਼ਾਨਚੀ ਮਨੋਹਰ ਸਿੰਘ, ਮੀਤ ਪ੍ਰਧਾਨ ਬਲਵਿੰਦਰ ਸਿੰਘ, ਦਰਸ਼ਨ ਸਿੰਘ, ਮੱਖਣ ਸਿੰਘ, ਮਨਪ੍ਰੀਤ ਸਿੰਘ, ਦਰਸ਼ਨ ਸਿੰਘ, ਹਰਪ੍ਰੀਤ ਸਿੰਘ, ਮਨਜੀਤ ਸਿੰਘ ਸਮੇਤ ਹੋਰ ਹਾਜ਼ਰ ਸਨ |