ਮੋਗਾ, 18 ਅਪ੍ਰੈਲ (ਸੁਰਿੰਦਰਪਾਲ ਸਿੰਘ)-ਪ੍ਰਗਤੀਸ਼ੀਲ ਮੰਚ ਦੇ ਸੂਬਾ ਪ੍ਰਧਾਨ ਬਲਕਰਨ ਮੋਗਾ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿਚ ਬੁਰੀ ਤਰ੍ਹਾਂ ਅਸਫਲ ਰਹੀਆਂ ਹਨ | ਸਰਕਾਰ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਨੇ ਨਵੇਂ ਰੁਜ਼ਗਾਰ ਦੇ ਮੌਕੇ ਬੇਹੱਦ ਘਟਾ ਦਿੱਤੇ ਹਨ | ਮੌਤ ਦੇ ਸੌਦਾਗਰ ਬੇਰੁਜ਼ਗਾਰ ਨੌਜਵਾਨਾਂ ਨੂੰ ਸਮਾਜਿਕ ਅਲਾਮਤਾਂ ਲਈ ਵਰਤ ਰਹੇ ਹਨ | ਦੇਸ਼ ਭਰ ਵਿਚ ਸਨਅਤੀ ਮਜ਼ਦੂਰਾਂ ਦਾ ਫੁੱਟ ਰਿਹਾ ਗ਼ੁੱਸਾ ਚਿੰਤਾ ਦਾ ਵਿਸ਼ਾ ਹੈ | ਅੱਜ ਨੋਇਡਾ, ਗੁੜਗਾਓ, ਮਾਨੇਸਰ, ਪਾਣੀਪਤ ਆਦਿ ਖੇਤਰਾਂ ਦੇ ਮਜ਼ਦੂਰ ਸੜਕਾਂ 'ਤੇ ਹਨ | ਬੇਸ਼ੱਕ ਉਨ੍ਹਾਂ ਦੇ ਸੰਘਰਸ਼ ਦੇ ਤਰੀਕੇ ਸਹੀ ਨਾ ਵੀ ਹੋਣ ਪਰ ਉਨ੍ਹਾਂ ਦੀ ਕੰਮ ਹਾਲਾਤਾਂ ਸੁਧਾਰਨ, ਮਿਹਨਤਾਨੇ ਵਿਚ ਵਾਧੇ ਅਤੇ ਨਵਾਂ ਰੁਜ਼ਗਾਰ ਪੈਦਾ ਕਰਨ ਦੀ ਮੰਗ ਬਿਲਕੁਲ ਜਾਇਜ਼ ਹੈ | ਬਲਕਰਨ ਮੋਗਾ ਨੇ ਕਿਹਾ ਕਿ ਭਾਰਤ ਸਮੇਤ ਦੁਨੀਆ ਦੇ ਬਹੁਤ ਸਾਰੇ ਦੇਸ਼ ਜਲਦ ਬਹੁਤ ਵੱਡੀ ਮੁਸੀਬਤ ਵਿਚ ਆ ਰਹੇ ਹਨ | ਵਰਲਡ ਬੈਂਕ ਦੇ ਚੇਅਰਮੈਨ ਅਜੇ ਬੰਗਾ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਜੋ ਦੇਸ਼ ਵਿਕਸਤ ਹੋਣ ਦੀ ਰੇਸ 'ਚ ਹਨ ਉਨ੍ਹਾਂ ਨੂੰ ਹੁਣ ਤੋਂ ਹੀ ਉਹੋ ਜਿਹੀਆਂ ਨੀਤੀਆਂ ਬਣਾਉਣ ਵੱਲ ਧਿਆਨ ਦੇਣ ਦੀ ਲੋੜ ਹੈ ਜਿਸ ਨਾਲ ਨਵੀਆਂ ਨੌਕਰੀਆਂ ਵੱਧ ਮਿਲ ਸਕਣ, ਨਹੀਂ ਵੱਡੀ ਪੱਧਰ 'ਤੇ ਬੇਰੁਜ਼ਗਾਰੀ ਫੈਲ ਜਾਵੇਗੀ | ਭਾਰਤ ਨੂੰ ਕਿਹਾ ਆਉਂਦੇ ਕੁਝ ਸਾਲਾਂ 'ਚ 1.2 ਅਰਬ ਲੋਕਾਂ ਨੂੰ ਨੌਕਰੀਆਂ ਚਾਹੀਦੀਆਂ ਹੋਣਗੀਆਂ, ਜੇ ਹੁਣ ਵਾਲੀ ਰਫ਼ਤਾਰ ਰਹੀ ਤਾਂ ਸਿਰਫ਼ 40 ਕਰੋੜ ਨੌਕਰੀਆਂ ਹੀ ਪੈਦਾ ਕਰ ਸਕਣਗੇ ਮਤਲਬ 70/80 ਕਰੋੜ ਲੋਕ ਬੇਰੁਜ਼ਗਾਰ ਹੋਣਗੇ | ਇਸ ਲਈ ਹਰ ਇਕ ਨੂੰ ਰੁਜ਼ਗਾਰ ਦੇਣ ਲਈ ਕੁੱਲ ਸਮਾਜਿਕ ਪੈਦਾਵਾਰ ਦੇ ਟੀਚਿਆਂ ਦੇ ਸਨਮੁੱਖ ਲੋੜੀਂਦੇ ਕੁੱਲ ਸਮਾਜਿਕ ਕਿਰਤ ਸਮੇਂ ਦੀ ਬਰਾਬਰ ਕਾਨੂੰਨੀ ਵੰਡ ਕੀਤੀ ਜਾਵੇ | ਨਵੀਂ ਉੱਨਤ ਤਕਨਾਲੋਜੀ ਦੀ ਵਰਤੋਂ ਮਨੁੱਖ ਨੂੰ ਮਾਰਨ ਲਈ ਨਹੀਂ ਬਲਕਿ ਉਸ ਦਾ ਜੀਵਨ ਪੱਧਰ ਸੰਵਾਰਨ ਲਈ ਕੀਤੀ ਜਾਵੇ |