ਕੋਟ ਈਸੇ ਖਾਂ, 18 ਅਪ੍ਰੈਲ (ਗੁਰਮੀਤ ਸਿੰਘ ਖ਼ਾਲਸਾ)-ਇਲਾਕੇ ਦੀ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ. ਸੈਕੰ. ਸਕੂਲ ਕੋਟ ਈਸੇ ਖਾਂ ਵਿਖੇ ਪੜਾਈ ਅਤੇ ਖੇਡਾਂ ਦੇ ਨਾਲ-ਨਾਲ ਸਮੇਂ-ਸਮੇਂ ਹੋਰ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਅਤੇ ਵਿਦਿਆਰਥੀਆਂ ਦੀ ਲਗਾਤਾਰ ਬਿਹਤਰ ਕਾਰਗੁਜ਼ਾਰੀ ਸਦਕਾ ਸਕੂਲ ਮਾਪਿਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ | ਸਕੂਲ ਵਿਚ ਐਨ.ਸੀ.ਸੀ. ਲੜਕੇ ਅਤੇ ਲੜਕੀਆਂ ਦੇ ਯੂਨਿਟ ਚੱਲ ਰਹੇ ਹਨ | ਜਿੱਥੇ ਹਰ ਸਾਲ ਹੀ ਨਵੇਂ ਵਿਦਿਆਰਥੀਆਂ ਦੀ ਐਨ.ਸੀ.ਸੀ. ਲਈ ਇੰਨਰੋਲਮੈਂਟ ਕੀਤੀ ਜਾਂਦੀ ਹੈ | ਇਸੇ ਤਹਿਤ 5 ਪੰਜਾਬ ਬਟਾਲੀਅਨ (ਲੜਕੀਆਂ) ਮੋਗਾ ਦੇ ਕਮਾਂਡਿੰਗ ਅਫ਼ਸਰ ਸੁਨੀਲ ਕੁਮਾਰ ਦੀ ਯੋਗ ਅਗਵਾਈ ਹੇਠ ਸ੍ਰੀ ਹੇਮਕੁੰਟ ਸਕੂਲ ਵਿਚ ਜੂਨੀਅਰ ਵਿੰਗ ਦੀ ਨਵੀਂ ਭਰਤੀ ਹੋਈ | ਸਕੂਲ ਦੇ ਐਨ.ਸੀ.ਸੀ. ਦੇ ਏ.ਐਨ.ਓ. ਸਿਮਰਨਜੀਤ ਕੌਰ ਦੀ ਮੌਜੂਦਗੀ ਵਿਚ ਸੂਬੇਦਾਰ ਮੇਜਰ ਸੁਖਮੰਦਰ ਸਿੰਘ, ਨਾਇਕ ਅਜੇ ਕੁਮਾਰ, ਹਵਾਲਦਾਰ ਦਿਨੇਸ਼ ਕੁਮਾਰ, ਜੀ.ਸੀ.ਆਈ. ਮੈਡਮ ਚਕਿਤਸਾ ਨੇ ਅੱਠਵੀਂ ਅਤੇ ਨੌਵੀਂ ਕਲਾਸ ਦੀਆਂ ਵਿਦਿਆਰਥਣਾਂ ਦੀ ਇੰਟਰਵਿਊ ਉਪਰੰਤ 21 ਯੋਗ ਕੈਡਿਟਸ ਐਨ.ਸੀ.ਸੀ. ਜੂਨੀਅਰ ਵਿੰਗ ਲਈ ਚੁਣਿਆ | ਉਨਾਂ ਦੱਸਿਆ ਕਿ ਐਨ.ਸੀ.ਸੀ. ਰੱਖਣ ਨਾਲ ਵਿਦਿਆਰਥੀ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿੰਦੇ ਹਨ ਅਤੇ ਨਾਲ ਹੀ ਐਨ.ਸੀ.ਸੀ. ਦੇ ਏ, ਬੀ, ਅਤੇ ਸੀ ਸਰਟੀਫਿਕੇਟ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿੰਦਗੀ ਵਿਚ ਇਸ ਦੇ ਕੀ ਕੀ ਫ਼ਾਇਦੇ ਹਨ | ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐਮ.ਡੀ. ਮੈਡਮ ਰਣਜੀਤ ਕੌਰ ਸੰਧੂ ਅਤੇ ਪਿ੍ੰਸੀਪਲ ਮੈਡਮ ਰਮਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਐਨ.ਸੀ.ਸੀ. ਦੇ ਨਿਯਮਾਂ ਤੋਂ ਜਾਗਰੂਕ ਕਰਵਾਉਂਦੇ ਹੋਏ ਐਨ.ਸੀ.ਸੀ. ਵਿਸਥਾਰ ਸਾਹਿਤ ਜਾਣਕਾਰੀ ਦਿੱਤੀ | ਉਨਾਂ ਨੇ ਐਨ.ਸੀ.ਸੀ. ਕੈਡਿਟਸ ਨੂੰ ਜੀਵਨ ਵਿਚ ਦੇਸ਼ ਪ੍ਰਤੀ ਜ਼ਿੰਮੇਵਾਰੀ ਤੇ ਚੰਗੇ ਭਵਿੱਖ ਤੋਂ ਜਾਗਰੂਕ ਕਰਵਾਇਆ | ਇਸ ਮੌਕੇ ਕੇਅਰ ਟੇਕਰ ਯਾਦਵਿੰਦਰ ਕੌਰ ਵੀ ਹਾਜ਼ਰ ਸੀ |