ਮੋਗਾ, 19 ਅਪ੍ਰੈਲ (ਸੁਰਿੰਦਰਪਾਲ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਮੋਗਾ ਦੀ ਜ਼ਿਲ੍ਹਾ ਕੌਂਸਲ ਮੀਟਿੰਗ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਵਿਚ ਸਤੀਸ਼ ਲੂੰਬਾ ਹਾਲ ਵਿਚ ਕੀਤੀ ਗਈ | ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ ਤੇ ਕਾਮਰੇਡ ਸਵਰਾਜ ਢੁੱਡੀਕੇ ਨੇ ਕੀਤੀ | ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਸਿੰਘ ਭੋਲਾ ਨੇ ਪਿਛਲੇ ਦਿਨੀਂ ਵਿਛੋੜਾ ਦੇ ਗਏ ਸਾਥੀਆਂ ਜਿਨ੍ਹਾਂ ਵਿਚ ਕਾਮਰੇਡ ਨਾਹਰ ਸਿੰਘ ਨੱਥੂਵਾਲਾ, ਕਾਮਰੇਡ ਮਹਿੰਦਰ ਸਿੰਘ ਰਣਸੀਂਹ ਖ਼ੁਰਦ, ਕਾਮਰੇਡ ਗੁਰਸੇਵਕ ਸਿੰਘ ਮਾਹਲਾ, ਕਾਮਰੇਡ ਜਰਨੈਲ ਸਿੰਘ ਘੋਲੀਆ ਨੂੰ ਸ਼ਰਧਾਂਜਲੀ ਦੇ ਕੇ ਯਾਦ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਨ ਲਈ ਕਾਮਰੇਡ ਜਗਰੂਪ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ ਵਿਚ ਸੂਬਾਈ, ਰਾਸ਼ਟਰੀ ਤੇ ਸੰਸਾਰ ਪੱਧਰੀ ਮੁੱਦਿਆਂ ਬਾਰੇ ਗੰਭੀਰ ਚਰਚਾ ਕੀਤੀ ਗਈ | ਕਾਮਰੇਡ ਜਗਰੂਪ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਅਸੀਂ ਮਾਰਕਸਵਾਦੀ ਦਿ੍ਸ਼ਟੀਕੋਣ ਤੋਂ ਦੇਖੀਏ ਤਾਂ ਸੰਸਾਰ ਪੱਧਰ ਦੀਆਂ ਇਹ ਜੰਗਾਂ ਨਾ ਕੋਈ ਹਾਦਸਾ ਹੈ ਤੇ ਨਾ ਹੀ ਅਚਾਨਕ ਵਾਪਰੀ ਕੋਈ ਘਟਨਾ ਬਲਕਿ ਇਹ ਪੂੰਜੀਵਾਦ ਦੇ ਵਿਸਥਾਰ ਦਾ ਇਕ ਅਹਿਮ ਪੜਾਅ ਹੈ | ਭਾਰਤੀ ਕਮਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਭੋਲਾ ਨੇ ਕੌਂਸਲ ਦੇ ਸਾਹਮਣੇ ਵੱਖ-ਵੱਖ ਏਜੰਡੇ ਪੇਸ਼ ਕੀਤੇ ਜਿਨ੍ਹਾਂ ਵਿਚ ਲੈਵੀ ਨਵੀਨੀਕਰਨ, 22 ਅਪ੍ਰੈਲ ਲੈਨਿਨ ਜਨਮ ਦਿਨ, ਇਕ ਮਈ ਕਿਰਤ ਦਿਹਾੜਾ ਤੇ 5 ਮਈ ਕਾਲ ਮਾਰਕਸ ਦੇ ਜਨਮ ਦਿਨ ਨੂੰ ਮਨਾਉਣ ਸਬੰਧੀ ਵਿਚਾਰ ਚਰਚਾ ਕੀਤੀ ਗਈ | ਸਾਰਿਆਂ ਦੀ ਸਹਿਮਤੀ ਤੋਂ ਬਾਅਦ ਇਹ ਫ਼ੈਸਲਾ ਹੋਇਆ ਕਿ ਕਿਰਤ ਦਿਹਾੜਾ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਮਨਾਇਆ ਜਾਵੇਗਾ ਤੇ 22 ਅਪ੍ਰੈਲ ਤੋਂ 5 ਮਈ ਤੱਕ ਪੰਦ੍ਹਰਵਾੜੇ ਦੇ ਰੂਪ ਵਿਚ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ 'ਤੇ ਸਿਧਾਂਤਕ ਸਕੂਲ ਲਗਾ ਕੇ ਲੋਕਾਂ ਨੂੰ ਲੈਨਨ ਤੇ ਕਾਰਲ ਮਾਰਕਸ ਦੇ ਜੀਵਨ ਤੇ ਫ਼ਲਸਫ਼ੇ ਬਾਰੇ ਜਾਣੂੰ ਕਰਵਾਇਆ ਜਾਵੇਗਾ | ਮੀਟਿੰਗ ਵਿਚ ਫ਼ੈਸਲਾ ਹੋਇਆ ਕਿ 5 ਮਈ ਕਾਰਲ ਮਾਰਕਸ ਦੇ ਦਿਨ ਤੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਇਕ ਸੈਮੀਨਾਰ ਕੀਤਾ ਜਾਵੇਗਾ | ਮੀਟਿੰਗ ਨੂੰ ਜ਼ਿਲ੍ਹਾ ਮੀਤ ਸਕੱਤਰ ਡਾਕਟਰ ਇੰਦਰਵੀਰ ਗਿੱਲ, ਗੁਰਦਿੱਤ ਦੀਨਾ, ਕਾਮਰੇਡ ਜਗਦੀਸ਼ ਸਿੰਘ ਚਾਹਲ, ਕਾਮਰੇਡ ਸ਼ੇਰ ਸਿੰਘ ਦੌਲਤਪੁਰਾ, ਜਗਸੀਰ ਸਿੰਘ ਖੋਸਾ, ਸਵਰਾਜ ਸਿੰਘ ਢੁੱਡੀਕੇ, ਗੁਰਮੀਤ ਵਾਂਦਰ, ਸੁਖਜਿੰਦਰ ਮਹੇਸ਼ਰੀ, ਸਵਰਨ ਸਿੰਘ ਖੋਸਾ, ਕਰਮਵੀਰ ਬੱਧਨੀ, ਇਕਬਾਲ ਤਖਾਣਵੱਧ, ਹਰਪ੍ਰੀਤ ਬਾਵਾ, ਸੁਖਦੇਵ ਭੋਲਾ, ਮਹਿੰਦਰ ਧੂੜਕੋਟ ਆਦਿ ਸਾਥੀਆਂ ਨੇ ਸੰਬੋਧਨ ਕੀਤਾ |