ਮੋਗਾ, 20 ਅਪ੍ਰੈਲ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਅੱਜ ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਗੁਰੂ ਨਾਨਕ ਕਾਲਜ ਚੌਕ ਦੇ ਨਾਲ ਲੱਗਦੇ ਨੇਚਰ ਪਾਰਕ ਨੇੜੇ 22 ਲੱਖ ਦੀ ਲਾਗਤ ਨਾਲ ਘੰਟਾ ਘਰ ਚੌਕ ਦਾ ਰਸਮੀ ਉਦਘਾਟਨ ਕੀਤਾ | ਇਸ ਤੋਂ ਬਾਅਦ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਮੋਗਾ ਵਿਚ ਹਾਕਮ ਕਾ ਅਗਵਾੜ ਨੇੜੇ 40 ਲੱਖ ਰੁਪਏ ਦੀ ਲਾਗਤ ਨਾਲ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੀ ਯਾਦ ਵਿਚ ਡਾ. ਭੀਮ ਰਾਓ ਅੰਬੇਡਕਰ ਭਵਨ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਨਗਰ ਨਿਗਮ ਦੇ ਮੇਅਰ ਪ੍ਰਵੀਨ ਕੁਮਾਰ ਸ਼ਰਮਾ, ਡਿਪਟੀ ਮੇਅਰ ਅਸ਼ੋਕ ਧਮੀਜਾ, ਆਪ ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਚੱਕੀ ਵਾਲਾ, ਗੌਰਵ ਗਰਗ, ਕੌਂਸਲਰ ਕੁਲਵਿੰਦਰ ਸਿੰਘ ਚੱਕੀਆਂ ਵਾਲਾ, ਕੌਂਸਲਰ ਪ੍ਰਵੀਨ ਮੱਕੜ, ਪਿ੍ੰਸ ਕੁਮਾਰ ਅਰੋੜਾ, ਆਪ ਵਪਾਰ ਵਿੰਗ ਦੇ ਨੁਮਾਇੰਦੇ ਸੰਜੀਵ ਨਰੂਲਾ, ਵਿੱਕੀ ਦੌਧਰੀਆ, ਜਗਦੀਪ ਸਿੰਘ ਮੱਕੜ, ਡਾ. ਜੌਹਲ, ਸੰਜੇ ਸ਼ਰਮਾ, ਰਾਕੇਸ਼ ਸਿਤਾਰਾ, ਲੱਖਾ ਸਿੰਘ, ਸੰਨੀ ਧਾਲੀਵਾਲ, ਕੌਂਸਲਰ ਬੂਟਾ ਸਿੰਘ, ਅਮਰਜੀਤ ਸਿੰਘ ਗਿੱਲ, ਕੌਂਸਲਰ ਹਰੀ ਰਾਮ, ਨਗਰ ਨਿਗਮ ਦੇ ਵੱਖ-ਵੱਖ ਅਧਿਕਾਰੀ, ਪਤਵੰਤਿਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਅਹੁਦੇਦਾਰ ਵੀ ਹਾਜ਼ਰ ਸਨ | ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਮੋਗਾ ਹਲਕੇ ਨੂੰ ਦਿੱਤੀਆਂ ਗਈਆਂ ਗਰਾਂਟਾਂ ਦੇ ਤਹਿਤ ਮੋਗਾ ਦੇ ਗੁਰੂ ਨਾਨਕ ਕਾਲਜ ਚੌਕ ਨੇੜੇ 22 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਘੰਟਾ ਘਰ ਚੌਕ ਲਗ-ਪਗ ਇਕ ਮਹੀਨੇ ਦੇ ਅੰਦਰ ਪੂਰਾ ਹੋਣ ਦੀ ਉਮੀਦ ਹੈ | ਉਨ੍ਹਾਂ ਕਿਹਾ ਕਿ ਮੋਗਾ ਦੇ ਵਸਨੀਕ ਲੰਬੇ ਸਮੇਂ ਤੋਂ ਡਾ. ਭੀਮ ਰਾਓ ਅੰਬੇਡਕਰ ਦੀ ਯਾਦ ਵਿਚ ਇਕ ਇਮਾਰਤ ਦੀ ਉਸਾਰੀ ਦੀ ਮੰਗ ਕਰ ਰਹੇ ਸਨ | ਇਸ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਸਨਮਾਨ ਵਿਚ 40 ਲੱਖ ਰੁਪਏ ਦੀ ਲਾਗਤ ਨਾਲ ਮੋਗਾ ਵਿਚ ਬਣਾਏ ਜਾਣ ਵਾਲੇ ਡਾ. ਭੀਮ ਰਾਓ ਅੰਬੇਡਕਰ ਭਵਨ ਦੀ ਉਸਾਰੀ ਦਾ ਰਸਮੀ ਤੌਰ 'ਤੇ ਨੀਂਹ ਪੱਥਰ ਰੱਖਣ ਨਾਲ ਸ਼ੁਰੂਆਤ ਹੋ ਗਈ ਹੈ | ਇਹ ਪ੍ਰੋਜੈਕਟ ਛੇ ਮਹੀਨਿਆਂ ਦੇ ਅੰਦਰ ਪੂਰਾ ਹੋਣ ਦੀ ਉਮੀਦ ਹੈ | ਉਨ੍ਹਾਂ ਕਿਹਾ ਕਿ ਮੋਗਾ ਸ਼ਹਿਰ ਵਿਚ ਵਿਕਾਸ ਕਾਰਜ ਬਿਨਾਂ ਕਿਸੇ ਭੇਦਭਾਵ ਦੇ ਜਾਰੀ ਹਨ | ਉਨ੍ਹਾਂ ਕਿਹਾ ਕਿ ਨਵਾਂ ਘੰਟਾ ਘਰ ਇਕ ਪ੍ਰਮੁੱਖ ਆਕਰਸ਼ਨ ਵਜੋਂ ਕੰਮ ਕਰੇਗਾ ਅਤੇ ਮੋਗਾ ਸ਼ਹਿਰ ਦੀ ਸੁੰਦਰਤਾ ਨੂੰ ਇਕ ਨਵੀਂ ਸੁਹਜ ਦਿਸ਼ਾ ਦੇਵੇਗਾ | ਉਨ੍ਹਾਂ ਜਨਤਾ ਨੂੰ ਭਰੋਸਾ ਦਿੱਤਾ ਕਿ ਮੋਗਾ ਵਿਚ ਵਿਕਾਸ ਕਾਰਜਾਂ ਦੀ ਗਤੀ ਜਾਂ ਗੁਣਵੱਤਾ ਵਿਚ ਕੋਈ ਢਿੱਲ ਨਹੀਂ ਆਉਣ ਦਿੱਤੀ ਜਾਵੇਗੀ |