ਕੋਟਕਪੂਰਾ, 21 ਅਪ੍ਰੈਲ (ਮੋਹਰ ਸਿੰਘ ਗਿੱਲ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਆਰੰਭ ਕੀਤੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਤਹਿਤ ਸਰਕਾਰ ਵਲੋਂ ਨਸ਼ਾ ਤਸਕਰਾਂ ਦੇ ਖ਼ਿਲਾਫ਼ ਕਾਰਵਾਈ ਜਾਰੀ ਹੈ | ਇਸੇ ਲੜੀ ਤਹਿਤ ਅੱਜ ਕੋਟਕਪੂਰਾ ਦੇ ਜੀਵਨ ਸਿੰਘ ਨਗਰ ਵਿਖੇ ਪ੍ਰਸ਼ਾਸਨ ਵਲੋਂ ਗੈਰ-ਕਾਨੂੰਨੀ ਤਰੀਕੇ ਨਾਲ ਬਣਾਈ ਗਈ ਉਸਾਰੀ ਨੂੰ ਢਾਇਆ ਗਿਆ | ਇਸ ਮੌਕੇ ਮੌਜੂਦ ਮਨਵਿੰਦਰ ਬੀਰ ਸਿੰਘ ਐੱਸ.ਪੀ (ਸਥਾਨਕ) ਨੇ ਦੱਸਿਆ ਕਿ ਥਾਣਾ ਸਿਟੀ ਕੋਟਕਪੂਰਾ ਦੇ ਅੰਦਰ ਆਉਂਦੇ ਮੁਹੱਲਾ ਜੀਵਨ ਸਿੰਘ ਨਗਰ ਵਿਖੇ ਜਸਵਿੰਦਰ ਸਿੰਘ ਉਰਫ਼ ਕਾਕਾ ਦੇ ਪਰਿਵਾਰ ਵਲੋਂ ਨਾਜਾਇਜ਼ ਉਸਾਰੀ ਕੀਤੀ ਗਈ ਸੀ | ਇਸ ਸਬੰਧੀ ਸਮਰੱਥ ਅਥਾਰਟੀ ਤੋਂ ਇਸ ਨੂੰ ਢਾਉਣ ਮੌਕੇ ਸੁਰੱਖਿਆ ਪ੍ਰਬੰਧ ਕਰਨ ਦੀਆਂ ਹਦਾਇਤਾਂ ਪ੍ਰਾਪਤ ਹੋਈਆਂ ਸਨ, ਜਿਸ ਤੋਂ ਬਾਅਦ ਸਿਵਲ ਪ੍ਰਸ਼ਾਸਨ ਵਲੋਂ ਕਾਰਵਾਈ ਕਰਦਿਆਂ ਇਸ ਨਾਜਾਇਜ਼ ਉਸਾਰੀ ਨੂੰ ਢਾਹ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਜਦੋਂ ਇਨ੍ਹਾਂ ਦੇ ਰਿਕਾਰਡ ਦੀ ਜਾਂਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਇਥੇ ਰਹਿੰਦੇ ਅਨਮੋਲ ਸਿੰਘ ਉਰਫ਼ ਗੁਨੂੰ ਦੇ ਖ਼ਿਲਾਫ਼ ਕੁੱਲ ਨਸ਼ੇ ਦੀ ਤਸਕਰੀ ਸਬੰਧੀ 10 ਮੁਕੱਦਮੇ ਦਰਜ ਰਜਿਸਟਰ ਹਨ, ਇਸ ਦੇ ਨਾਲ ਹੀ ਖੋਹ ਦੀ ਵਾਰਦਾਤ ਸਬੰਧੀ ਵੀ ਦੋ ਮਾਮਲੇ ਦਰਜ ਰਜਿਸਟਰ ਹਨ, ਉਸ ਦੇ ਭਰਾ ਗਗਨ ਖ਼ਿਲਾਫ਼ ਨਸ਼ੇ ਦੀ ਤਸਕਰੀ ਅਤੇ ਹੋਰ ਧਾਰਾਵਾਂ ਤਹਿਤ ਚਾਰ ਅਤੇ ਉਸ ਦੀ ਮਾਤਾ ਖ਼ਿਲਾਫ਼ ਪੰਜ ਮੁਕੱਦਮੇ ਦਰਜ ਰਜਿਸਟਰ ਹਨ | ਇਸ ਦੇ ਨਾਲ ਹੀ ਉਸ ਦੇ ਜੀਜੇ ਪ੍ਰਦੀਪ ਸਿੰਘ ਸੰਨੀ ਦੇ ਖ਼ਿਲਾਫ਼ ਵੀ ਨਸ਼ੇ ਦੀ ਤਸਕਰੀ ਸਬੰਧੀ ਥਾਣਾ ਸਿਟੀ ਕੋਟਕੂਪਰਾ ਵਿਖੇ ਦੋ ਮਾਮਲੇ ਦਰਜ ਰਜਿਸਟਰ ਹਨ | ਇਸ ਮੌਕੇ ਬਤੌਰ ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਕੋਟਕਪੂਰਾ ਗੁਰਚਰਨ ਸਿੰਘ ਬਰਾੜ ਸਮੇਤ ਸਿਵਲ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ | ਕਾਰਜ ਸਾਧਕ ਅਫ਼ਸਰ ਨਗਰ ਕੌਸਲ ਕੋਟਕਪੂਰਾ ਅੰਮਿ੍ਤ ਲਾਲ ਨੇ ਦੱਸਿਆ ਕਿ ਇਹ ਉਸਾਰੀ ਜਸਵਿੰਦਰ ਸਿੰਘ ਉਰਫ਼ ਕਾਕਾ ਦੇ ਪਰਿਵਾਰ ਵਲੋਂ ਨਾਜਾਇਜ਼ ਤੌਰ 'ਤੇ ਕੀਤੀ ਗਈ ਸੀ, ਜਿਸ ਸਬੰਧੀ ਇਨ੍ਹਾਂ ਨੂੰ ਕਈ ਵਾਰ ਨੋਟਿਸ ਵੀ ਦਿੱਤੇ ਗਏ ਸਨ, ਪ੍ਰੰਤੂ ਕਬਜ਼ਾਕਾਰੀਆਂ ਵਲੋਂ ਇਸ ਸਬੰਧੀ ਕੋਈ ਕਾਰਵਾਈ ਨਾ ਕਰਨ ਕਰਕੇ ਇੱਥੇ ਬਲਡੋਜਰ ਕਾਰਵਾਈ ਕੀਤੀ ਗਈ ਹੈ | ਮਨਵਿੰਦਰ ਬੀਰ ਸਿੰਘ ਐੱਸ.ਪੀ (ਸਥਾਨਕ) ਨੇ ਦੱਸਿਆ ਕਿ ਡਾ. ਪ੍ਰਗਿਆ ਜੈਨ ਐੱਸ.ਐੱਸ.ਪੀ ਫ਼ਰੀਦਕੋਟ ਦੇ ਨਿਰਦੇਸ਼ ਅਨੁਸਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਫ਼ਰੀਦਕੋਟ ਪੁਲਿਸ ਵਲੋ ਪੂਰੇ ਜ਼ਿਲ੍ਹੇ ਅੰਦਰ ਵਿਆਪਕ ਪੱਧਰ 'ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ | ਇਸ ਮੌਕੇ ਸੰਜੀਵ ਕੁਮਾਰ ਡੀ.ਐੱਸ.ਪੀ (ਸਬ-ਡਵੀਜਨ) ਕੋਟਕਪੂਰਾ ਸਮੇਤ ਮੁੱਖ ਅਫ਼ਸਰ ਥਾਣਾ ਸਦਰ ਕੋਟਕਪੂਰਾ ਸਮੇਤ ਵੱਡੀ ਗਿਣਤੀ 'ਚ ਪੁਲਿਸ ਕਰਮੀ ਹਾਜ਼ਰ ਸਨ |