ਮੋਗਾ, 21 ਅਪ੍ਰੈਲ (ਸੁਰਿੰਦਰਪਾਲ ਸਿੰਘ)-ਸ਼ਹਿਰ ਵਿਚ ਆਯੋਜਿਤ ਕਿ੍ਕਟ ਟੂਰਨਾਮੈਂਟ ਦੌਰਾਨ ਉਸ ਸਮੇਂ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ ਜਦੋਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਮੁੱਖ ਮਹਿਮਾਨ ਵਜੋਂ ਪ੍ਰੋਗਰਾਮ ਵਿਚ ਸ਼ਾਮਿਲ ਹੋਏ | ਇਸ ਮੌਕੇ ਜ਼ਿਲ੍ਹਾ ਮਹਾਂਮੰਤਰੀ ਸ਼ਮਸ਼ੇਰ ਸਿੰਘ ਕੈਲਾ, ਕੈਪਟਨ ਲਖਵੀਰ ਸਿੰਘ, ਸਤਿੰਦਰਪ੍ਰੀਤ ਸਿੰਘ ਰੱਤੀਆਂ, ਧੀਰਜ ਕੁਮਾਰ ਆਦਿ ਵੀ ਹਾਜ਼ਰ ਸਨ | ਉਨ੍ਹਾਂ ਦਾ ਕਲੱਬ ਮੈਂਬਰਾਂ ਤੇ ਪ੍ਰਬੰਧਕਾਂ ਵਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਡਾ. ਹਰਜੋਤ ਕਮਲ ਨੇ ਮੈਦਾਨ ਵਿਚ ਪਹੁੰਚ ਕੇ ਖਿਡਾਰੀਆਂ ਨਾਲ ਵਿਅਕਤੀਗਤ ਤੌਰ 'ਤੇ ਜਾਣ-ਪਛਾਣ ਕੀਤੀ | ਇਸ ਦੌਰਾਨ ਉਨ੍ਹਾਂ ਨੇ ਖ਼ਾਸ ਤੌਰ 'ਤੇ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਬੁਰੀਆਂ ਆਦਤਾਂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਖੇਡਾਂ ਹੀ ਉਹ ਮਜ਼ਬੂਤ ਮਾਧਿਅਮ ਹਨ ਜੋ ਨੌਜਵਾਨਾਂ ਨੂੰ ਸਹੀ ਦਿਸ਼ਾ ਦੇ ਸਕਦੀਆਂ ਹਨ | ਉਨ੍ਹਾਂ ਨੇ ਖਿਡਾਰੀਆਂ ਦੇ ਜਜ਼ਬੇ ਅਤੇ ਪ੍ਰਦਰਸ਼ਨ ਦੀ ਸ਼ਲਾਘਾ ਕਰਦੇ ਹੋਏ ਪ੍ਰਬੰਧਕਾਂ ਦੀ ਵੀ ਪ੍ਰਸ਼ੰਸਾ ਕੀਤੀ ਕਿ ਉਹ ਅਜਿਹੇ ਮੰਚ ਪ੍ਰਦਾਨ ਕਰ ਰਹੇ ਹਨ ਜਿੱਥੇ ਪ੍ਰਤਿਭਾਵਾਂ ਨੂੰ ਨਿਖਾਰਨ ਦਾ ਮੌਕਾ ਮਿਲਦਾ ਹੈ | ਪ੍ਰੋਗਰਾਮ ਦੌਰਾਨ ਖੇਡੇ ਗਏ ਮੈਚ ਕਾਫ਼ੀ ਰੋਮਾਂਚਕ ਰਹੇ, ਜਿਨ੍ਹਾਂ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਦਰਸ਼ਕ ਵੀ ਮੌਜੂਦ ਰਹੇ | ਅੰਤ ਵਿਚ ਪ੍ਰਬੰਧਕਾਂ ਨੇ ਡਾ. ਹਰਜੋਤ ਕਮਲ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ |