ਮੋਗਾ, 22 ਅਪ੍ਰੈਲ (ਸੁਰਿੰਦਰਪਾਲ ਸਿੰਘ)-ਮੋਗਾ ਜ਼ਿਲ੍ਹੇ 'ਚ ਕਣਕ ਦੀ ਖ਼ਰੀਦ ਸੁਚਾਰੂ ਢੰਗ ਦੇ ਨਾਲ ਜਾਰੀ ਹੈ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਖ਼ਰੀਦੀ ਗਈ ਕਣਕ ਦੇ ਬਦਲੇ ਨਾਲੋਂ-ਨਾਲ ਅਦਾਇਗੀ ਯਕੀਨੀ ਬਣਾਈ ਜਾ ਰਹੀ ਹੈ | ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਜ਼ਿਲ੍ਹੇ 'ਚ ਬੀਤੇ ਕੱਲ੍ਹ ਤੱਕ 312548 ਮੀਟਰਿਕ ਟਨ ਕਣਕ ਦੀ ਖ਼ਰੀਦ ਹੋਈ ਹੈ | ਉਨ੍ਹਾਂ ਦੱਸਿਆ ਕਿ ਮੰਡੀਆਂ 'ਚ ਕਣਕ ਦੀ ਆਮਦ 'ਚ ਕਾਫ਼ੀ ਤੇਜ਼ੀ ਆਈ ਹੈ ਤੇ ਰੋਜ਼ਾਨਾ ਲਗਭਗ 70 ਹਜ਼ਾਰ ਮੀਟਰਿਕ ਟਨ ਕਣਕ ਮੰਡੀਆਂ 'ਚ ਆ ਰਹੀ ਹੈ ਜਿਸ ਨੂੰ ਨਾਲੋਂ-ਨਾਲ ਖ਼ਰੀਦਿਆ ਜਾ ਰਿਹਾ ਹੈ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੀਤੇ ਦਿਨੀਂ 70981 ਮੀਟਰ ਟਨ ਕਣਕ ਦੀ ਆਮਦ ਹੋਈ, ਜਿਸ 'ਚੋਂ 66608 ਮੀਟਰਿਕ ਟਨ ਕਣਕ ਦੀ ਖ਼ਰੀਦ ਕਰ ਲਈ ਗਈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨਾਂ ਨੂੰ ਨਾਲੋਂ-ਨਾਲ ਕਣਕ ਦੀ ਅਦਾਇਗੀ ਯਕੀਨੀ ਬਣਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਮੋਗਾ ਜ਼ਿਲ੍ਹੇ 'ਚ ਕਿਸਾਨਾਂ ਨੂੰ 484 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਰਹੀ ਹੈ ਜੋ ਕਿ ਨਿਰਧਾਰਿਤ ਸਮੇਂ 48 ਘੰਟੇ 'ਚ ਕੀਤੀ ਜਾਣ ਵਾਲੀ ਅਦਾਇਗੀ 462 ਕਰੋੜ ਰੁਪਏ ਨਾਲੋਂ ਵੱਧ ਹੈ | ਉਨ੍ਹਾਂ ਦੱਸਿਆ ਕਿ ਕਣਕ ਦੀ ਖ਼ਰੀਦ 'ਚ ਪਨਗਰੇਨ ਏਜੰਸੀ ਮੋਹਰੀ ਹੈ | ਪਨਗਰੇਨ ਵਲੋਂ ਹੁਣ ਤੱਕ 116622 ਮੀਟਰਿਕ ਟਨ, ਮਾਰਕਫੈਡ ਵਲੋਂ 86340 ਮੀਟਰਿਕ ਟਨ, ਪਨਸਪ ਵਲੋਂ 68640 ਮੀਟਰਿਕ ਟਨ, 40947 ਵੇਅਰ ਹਾਊਸ ਵਲੋਂ ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ |