ਮੋਗਾ, 24 ਅਪ੍ਰੈਲ (ਸੁਰਿੰਦਰਪਾਲ ਸਿੰਘ)-ਸਥਾਨਕ ਹੋਲੀ ਹਾਰਟ ਕਾਨਵੈਂਟ ਸਕੂਲ 'ਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਮੁੱਖ ਰੱਖਦਿਆਂ ਖੇਡਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ | ਸਕੂਲ ਦੇ ਵਿਸ਼ਾਲ ਖੇਡ ਮੈਦਾਨ 'ਚ ਵਿਦਿਆਰਥੀ ਨਾ ਸਿਰਫ਼ ਵੱਖ-ਵੱਖ ਖੇਡਾਂ ਦਾ ਆਨੰਦ ਮਾਣ ਰਹੇ ਹਨ, ਸਗੋਂ ਜੀਵਨ 'ਚ ਅਨੁਸ਼ਾਸਨ ਦੀ ਮਹੱਤਤਾ ਨੂੰ ਵੀ ਬਾਖ਼ੂਬੀ ਸਮਝ ਰਹੇ ਹਨ | ਸਕੂਲ ਦੇ ਖੇਡ ਮੈਦਾਨ ਵਿਚ ਹਰ ਰੋਜ਼ ਰੌਣਕ ਦੇਖਣ ਨੂੰ ਮਿਲਦੀ ਹੈ | ਬੱਚੇ ਫੁੱਟਬਾਲ, ਵਾਲੀਬਾਲ, ਖੋ-ਖੋ ਤੇ ਹੋਰ ਕਈ ਖੇਡਾਂ ਵਿਚ ਸਰਗਰਮੀ ਨਾਲ ਹਿੱਸਾ ਲੈਂਦੇ ਹਨ | ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪੜ੍ਹਾਈ ਦੇ ਨਾਲ-ਨਾਲ ਮੈਦਾਨ 'ਚ ਬਿਤਾਇਆ ਗਿਆ ਸਮਾਂ ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤਰੋ ਤਾਜ਼ਾ ਕਰਦਾ ਹੈ | ਸਕੂਲ ਪ੍ਰਬੰਧਕਾਂ ਤੇ ਕੋਚਾਂ ਦੀ ਨਿਗਰਾਨੀ ਹੇਠ ਵਿਦਿਆਰਥੀ ਖੇਡ ਦੇ ਨਿਯਮਾਂ ਦੀ ਪਾਲਣਾ ਕਰਨਾ ਸਿੱਖਦੇ ਹਨ | ਚੇਅਰਮੈਨ ਸੁਭਾਸ਼ ਪਲਤਾ ਤੇ ਡਾਇਰੈਕਟਰ ਪਿ੍ੰਸੀਪਲ ਸ਼ਿਵਾਨੀ ਅਰੋੜਾ ਨੇ ਕਿਹਾ ਕਿ ਸਾਡਾ ਉਦੇਸ਼ ਸਿਰਫ਼ ਕਿਤਾਬੀ ਗਿਆਨ ਦੇਣਾ ਹੀ ਨਹੀਂ, ਸਗੋਂ ਖੇਡਾਂ ਰਾਹੀਂ ਬੱਚਿਆਂ ਨੂੰ ਇਕ ਜ਼ਿੰਮੇਵਾਰ ਅਤੇ ਅਨੁਸ਼ਾਸਿਤ ਨਾਗਰਿਕ ਬਣਾਉਣਾ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਚਿਹਰਿਆਂ ਦੀ ਮੁਸਕਾਨ ਤੇ ਮੈਦਾਨ ਵਿਚ ਉਨ੍ਹਾਂ ਦਾ ਜੋਸ਼ ਇਹ ਸਾਫ਼ ਦਰਸਾਉਂਦਾ ਹੈ ਕਿ ਉਹ ਹੋਲੀ ਹਾਰਟ ਕਾਨਵੈਂਟ ਸਕੂਲ ਦੇ ਇਸ ਸਿਹਤਮੰਦ ਮਾਹੌਲ ਦਾ ਭਰਪੂਰ ਆਨੰਦ ਮਾਣ ਰਹੇ ਹਨ |